ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਵੀ ਪਿਆਰਾ
ਵੀਰੇ ਦੀ ਮੈਂ ਵਹੁਟੀ ਡਿੱਠੀ
ਚੰਨ ਨਾਲੋਂ ਚਿੱਟੀ
ਤੇ ਪਤਾਸਿਆਂ ਤੋਂ ਮਿੱਠੀ

ਭੈਣ ਨੂੰ ਵੀਰ ਦੇ ਵਿਆਹ ਦਾ ਚਾਅ ਤਾਂ ਭਲਾ ਹੋਣਾ ਹੀ ਹੋਇਆ ਉਸ ਨੂੰ ਤਾਂ ਆਪਣੇ ਵੀਰਾਂ ਦੇ ਮੰਗੇ ਜਾਣ ਦਾ ਵੀ ਮਾਣ ਹੈ। ਕੁਆਰਾ ਵੀਰ ਵੀ ਉਸ ਦੀ ਬਾਲ ਕਲਪਨਾ ਦੇ ਘੋੜੇ ਤੇ ਅਸਵਾਰ ਹੋ ਕੇ ਲਾਹੌਰ ਸ਼ਹਿਰ ਜਾ ਚੌਪਟ ਖੇਡਦਾ ਹੈ:

ਅੰਬੇ ਨੀ ਮਾਏ ਅੰਬੇ
ਮੇਰੇ ਸੱਤ ਭਰਾ ਮੰਗੇ
ਮੇਰਾ ਇੱਕ ਭਰਾ ਕੁਆਰਾ
ਉਹ ਚੌਪਟ ਖੇਡਣ ਵਾਲਾ
ਚੌਪਟ ਕਿੱਥੇ ਖੇਲੇ
ਲਾਹੌਰ ਸ਼ਹਿਰ ਖੇਲੇ
ਲਾਹੌਰ ਸ਼ਹਿਰ ਉੱਚਾ
ਮੈਂ ਮਨ ਪਕਾਇਆ ਸੁੱਚਾ
ਮੇਰੇ ਮਨ ਨੂੰ ਲੱਗੇ ਮੋਤੀ
ਮੈਂ ਗਲੀਆਂ ਵਿੱਚ ਖਲੋਤੀ
ਮੈਂ ਬੜੇ ਬਾਬੇ ਦੀ ਪੋਤੀ

ਕਿਧਰੇ ਵੀਰ ਦੇ ਬਾਗਾਂ ਵਿੱਚ ਚੰਬਾਕਲੀ ਖਿੜਦੀ ਹੈ। ਉਸ ਦਾ ਵੀਰਾ ਸਰਦਾਰ ਬਣ ਕੇ ਕੁਰਸੀ ਤੇ ਬਹਿੰਦਾ ਹੈ ਤੇ ਉਸ ਦੀ ਭਾਬੋ ਪਰਧਾਨ ਬਣ ਕੇ ਪੀਹੜੇ ਤੇ ਬਿਰਾਜਮਾਨ ਹੁੰਦੀ ਹੈ। ਗੀਤ ਦੇ ਬੋਲ ਹਨ:-

ਹੇਠ ਵਗੇ ਦਰਿਆ
ਉੱਤੇ ਮੈਂ ਖੜੀ
ਮੇਰੇ ਵੀਰੇ ਲਾਇਆ ਬਾਗ਼
ਖਿੜ ਪਈ ਚੰਬਾ ਕਲੀ
ਚੰਬਾਕਲੀ ਨਾ ਤੋੜ
ਵੀਰ ਮੇਰਾ ਕੁਟੂਗਾ
ਮੇਰਾ ਵੀਰ ਬੜਾ ਸਰਦਾਰ
ਬਹਿੰਦਾ ਕੁਰਸੀ ਤੇ
ਭਾਬੋ ਬੜੀ ਪਰਧਾਨ
ਬਹਿੰਦੀ ਪੀਹੜੀ ਤੇ
ਪੀਹੜੀ ਗਈ ਟੁੱਟ
ਭਾਬੋ ਗਈ ਰੁੱਸ
ਭਾਬੋ ਕੁੱਕੜਾਂ ਨੂੰ ਨਾ ਮਾਰ
ਕੁੱਕੜ ਵੀਰੇ ਦੇ

77/ਪੰਜਾਬੀ ਸਭਿਆਚਾਰ ਦੀ ਆਰਸੀ