ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੈਣ ਵੀਰੇ ਨੂੰ ਪਰਚਾਉਣ ਲਈ ਆਪਣੀਆਂ ਨਿੱਜੀ ਖੇਡਾਂ ਵੀ ਉਸ ਨੂੰ ਪੇਸ਼ ਕਰਦੀ ਹੈ:

ਐਧਰ ਪਾਵਾਂ ਖਿਚੜੀ
ਔਧਰ ਪਾਵਾਂ ਤੇਲ
ਜਲਗੀ ਖਿਚੜੀ
ਰਹਿ ਗਿਆ ਤੇਲ
ਆਹ ਲੈ ਵੀਰਾ ਗੁੱਡੀਆਂ
ਖੇਲ ਵੀਰਾ ਗੁੱਡੀਆਂ

ਹੋਰ:

ਕਿੱਕਲੀ ਪਾਵਣ ਆਈ ਆਂ
ਬਦਾਮ ਖਾਵਣ ਆਈ ਆਂ
ਬਦਾਮ ਮੇਰਾ ਮਿੱਠਾ
ਮੈਂ ਵੀਰ ਦਾ ਮੂੰਹ ਡਿੱਠਾ
ਬਦਾਮ ਦੀ ਗੁੱਲੀ ਮਿੱਠੀ
ਮੈਂ ਵੀਰ ਦੀ ਕੁੜੀ ਡਿੱਠੀ

ਕਿੱਕਲੀ ਵਿੱਚ ਗਾਏ ਜਾਂਦੇ ਗੀਤਾਂ ਨੂੰ ਗਾਉਣ ਦਾ ਇੱਕ ਹੋਰ ਢੰਗ ਵੀ ਹੈ। ਦੋ ਕੁੜੀਆਂ ਧਰਤੀ 'ਤੇ ਬੈਠ ਕੇ ਜਾਂ ਖੜੋ ਕੇ ਇੱਕ ਦੂਜੀ ਦੇ ਹੱਥਾਂ ਤੇ ਤਾੜੀਆਂ ਮਾਰ ਕੇ ਤਾੜੀਆਂ ਦੇ ਤਾਲ ਨਾਲ ਗੀਤ ਦੇ ਬੋਲ ਬੋਲਦੀਆਂ ਹਨ ਅਤੇ ਅੰਤਲੇ ਟੱਪੇ ਨੂੰ ਕਿੱਕਲੀ ਪਾਉਂਦੀਆਂ ਦੁਹਰਾਉਂਦੀਆਂ ਹਨ:

ਤੋ ਵੇ ਤੋਤੜਿਆ
ਤੋਤੜਿਆ ਮਤੋਤੜਿਆ
ਤੋਤਾ ਹੈ ਸਿਕੰਦਰ ਦਾ
ਪਾਣੀ ਪੀਵੇ ਮੰਦਰ ਦਾ
ਸ਼ੀਸ਼ਾ ਵੇਖੇ ਲਹਿਰੇ ਦਾ
ਕੰਮ ਕਰੇ ਦੁਪਹਿਰੇ ਦਾ
ਕਾਕੜਾ ਖਿਡਾਨੀ ਆਂ
ਚਾਰ ਛੱਲੇ ਪਾਨੀ ਆਂ
ਇੱਕ ਛੱਲਾ ਰੇਤਲਾ
ਰੇਤਲੇ ਦੀ ਤਾਈ ਆਈ
ਨਵੀਂ ਨਵੀਂ ਭਰਜਾਈ ਆਈ
ਖੋਹਲ ਮਾਸੀ ਕੁੰਡਾ
ਜੀਵੇ ਤੇਰਾ ਮੁੰਡਾ
ਮਾਸੀ ਜਾ ਬੜੀ ਕਲਕੱਤੇ
ਉਥੇ ਮੇਮ ਸਾਹਿਬ ਨੱਚੇ
ਬਾਬੂ ਸੀਟੀਆਂ ਬਜਾਵੇ
ਗੱਡੀ ਛਕ ਛਕ ਜਾਵੇ

ਹੋਰ:

78/ਪੰਜਾਬੀ ਸਭਿਆਚਾਰ ਦੀ ਆਰਸੀ