ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/87

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲੋਕ ਖੇਡਾਂ

ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਮਨੁੱਖ ਆਦਿ ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿਤ ਤੇ ਸੁਭਾਓ ਅਨੁਸਾਰ ਜੀਵਾਂ ਨੇ ਆਪੋ ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਣਾ ਇੱਕ ਸਹਿਜ ਕਰਮ ਹੈ। ਇਹ ਮਨੁੱਖ ਦੇ ਸਰਬਪੱਖੀ ਵਿਕਾਸ ਦਾ ਮਹੱਤਵਪੂਰਨ ਸਾਧਨ ਹਨ। ਬੱਚੇ ਦੇ ਜੰਮਦਿਆਂ ਸਾਰ ਹੀ ਖੇਡ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ। ਉਹ ਹੱਥ ਪੈਰ ਮਾਰਨਾ ਸ਼ੁਰੂ ਕਰ ਦੇਂਦਾ ਹੈ। ਪੇਂਡੂ ਸੁਆਣੀਆਂ ਬੱਚਿਆਂ ਨੂੰ ਗੋਦੀ ਚੁੱਕਣੋਂ ਵਰਜਦੀਆਂ ਹਨ ਤਾਂ ਜੋ ਉਹ ਧਰਤੀ ਤੇ ਖੇਡਦੇ ਹੋਏ ਸ਼ਕਤੀ ਪ੍ਰਾਪਤ ਕਰ ਸਕਣ। ਆਮ ਵੇਖਣ ਵਿੱਚ ਆਇਆ ਹੈ ਬੱਚੇ ਪੰਜ ਸੱਤ ਵਰ੍ਹਿਆਂ ਦੀ ਉਮਰ ਵਿੱਚ ਖੇਡਣ ਵਿੱਚ ਐਨੇ ਵਿਅੱਸਤ ਹੋ ਜਾਂਦੇ ਹਨ ਕਿ ਉਹਨਾਂ ਨੂੰ ਖਾਣ-ਪੀਣ ਦੀ ਸੁਰਤ ਵੀ ਨਹੀਂ ਰਹਿੰਦੀ। ਉਹਨਾਂ ਦੀਆਂ ਮਾਵਾਂ ਧੱਕੇ ਨਾਲ ਉਹਨਾਂ ਨੂੰ ਕੁਝ ਖੁਆਂਦੀਆਂ ਪਿਆਂਦੀਆਂ ਹਨ। ਇਹ ਖੇਡ ਰੁਚੀਆਂ ਹੀ ਮਨੁੱਖ ਦੇ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਵਿਮਸ਼ ਦੀਆਂ ਸੂਚਕ ਹਨ।

ਖੇਡਾਂ ਕੇਵਲ ਸਰੀਰਕ ਕਸਰਤ ਲਈ ਹੀ ਨਹੀਂ ਖੇਡੀਆਂ ਜਾਂਦੀਆਂ ਬਲਕਿ ਇਹ ਲੋਕਾਂ ਦੇ ਮਨੋਰੰਜਨ ਦਾ ਵੀ ਵਿਸ਼ੇਸ਼ ਸਾਧਨ ਰਹੀਆਂ ਹਨ। ਖੇਡਾਂ ਜਿੱਥੇ ਸਰੀਰਕ ਬਲ ਬਖ਼ਸ਼ਦੀਆਂ ਹਨ ਉੱਥੇ ਰੂਹ ਨੂੰ ਵੀ ਅਗੰਮੀ ਖੁਸ਼ੀ ਅਤੇ ਖੇੜਾ ਪ੍ਰਦਾਨ ਕਰਦੀਆਂ ਹਨ ਜਿਸ ਨਾਲ ਆਤਮਾ ਬਲਵਾਨ ਹੁੰਦੀ ਹੈ ਅਤੇ ਜੀਵਨ ਵਿੱਚ ਵਿਸ਼ਵਾਸ ਪਕੇਰਾ ਹੁੰਦਾ ਹੈ। ਇਸ ਤੋਂ ਉਪਰੰਤ ਜ਼ਿੰਦਗੀ ਦੀ ਦੌੜ ਵਿੱਚ ਹਰ ਪ੍ਰਕਾਰ ਦੀ ਸਥਿਤੀ ਦਾ ਮੁਕਾਬਲਾ ਕਰਨ ਦੀ ਭਾਵਨਾ ਪ੍ਰਜਵੱਲਤ ਹੁੰਦੀ ਹੈ। ਇਹ ਮਨੁੱਖ ਨੂੰ ਹਰ ਪ੍ਰਕਾਰ ਦੇ ਮੁਕਾਬਲੇ ਲਈ ਜੂਝਣ ਲਈ ਤਿਆਰ ਹੀ ਨਹੀਂ ਕਰਦੀਆਂ ਬਲਕਿ ਹਾਰਨ ਦੀ ਸੂਰਤ ਵਿੱਚ ਉਸ ਨੂੰ ਹਾਰ ਖਿੜੇ ਮੱਥੇ ਸਹਿਣ ਦੀ ਸ਼ਕਤੀ ਵੀ ਪਰਦਾਨ ਕਰਦੀਆਂ ਹਨ ਜਿਸ ਕਰਕੇ ਉਹ ਹਰ ਪ੍ਰਾਣੀ ਦੇ ਸਰੀਰ ਨੂੰ ਰਿਸ਼ਟ ਪੁਸ਼ਟ, ਚੁਸਤ, ਫੁਰਤੀਲਾ ਅਤੇ ਸ਼ਕਤੀਸ਼ਾਲੀ ਵੀ ਬਣਾਉਂਦੀਆਂ ਹਨ। ਖੇਡਾਂ ਕੇਵਲ ਗੱਭਰੂਆਂ ਦੀ ਵਾਫਰ ਸਰੀਰਕ ਸ਼ਕਤੀ ਦਾ ਸਦਉਪਯੋਗ ਹੀ ਨਹੀਂ ਕਰਦੀਆਂ ਬਲਕਿ ਕਮਜ਼ੋਰ ਸਰੀਰਾਂ ਵਾਲਿਆਂ ਦੀ ਸਰੀਰਕ ਸ਼ਕਤੀ ਵਧਾਉਣ ਵਿੱਚ ਵੀ ਸਹਾਇਕ ਸਿੱਧ ਹੁੰਦੀਆਂ ਹਨ।

ਭਾਵੇਂ ਖੇਡਾਂ ਨੂੰ ਮਨੁੱਖ ਦੇ ਪ੍ਰਮੁੱਖ ਮਨੋਰੰਜਨੀ ਸਾਧਨ ਆਖਿਆ ਜਾਂਦਾ ਹੈ ਪਰੰਤੂ ਖੇਡਾਂ ਤੋਂ ਬਿਨਾਂ ਵੀ ਮਨੁੱਖ ਦੇ ਅਨੇਕਾਂ ਮਨੋਰੰਜਨ ਦੇ ਸਾਧਨ ਹਨ ਜਿਹਾ ਕਿ ਸੈਰ ਸਪਾਟਾ, ਪੁਸਤਕਾਂ ਦਾ ਅਧਿਐਨ, ਗੀਤ ਸੰਗੀਤ, ਚਿੱਤਰਕਾਰੀ, ਸ਼ਿਲਪਕਾਰੀ, ਰਾਸਾਂ, ਨਕਲਾਂ, ਸਵਾਂਗ, ਬਾਜ਼ੀਗਰਾਂ ਦੇ ਮੇਲਿਆਂ ਮਸਾਹਵਿਆਂ ਤੇ ਵਖਾਏ ਜਾਂਦੇ ਕਰਤੱਵ, ਪੁਤਲੀਆਂ ਦੇ ਨਾਚ, ਪਸ਼ੂ-ਪੰਛੀਆਂ ਦੀਆਂ ਲੜਾਈਆਂ ਦੇ ਮੁਕਾਬਲੇ ਤੇ ਬੈਲ ਗੱਡੀਆਂ ਦੀਆਂ ਦੌੜਾਂ ਆਦਿ ਸਭ ਦਰਸ਼ਕਾਂ ਦੇ ਮਨੋਰੰਜਨੀ ਸ਼ੁਗਲ ਹਨ। ਲੋਕ ਖੇਡਾਂ ਮਨੋਰੰਜਨ ਦੇ ਸਾਧਨ ਤਾਂ ਹਨ ਪਰੰਤੂ ਹੋਰਨਾਂ

81/ ਪੰਜਾਬੀ ਸਭਿਆਚਾਰ ਦੀ ਆਰਸੀ