ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੇਡਣ ਸਮੇਂ ਕਿਸੇ ਨਾ ਕਿਸੇ ਨੇ ਦਾਈ ਜਾਂ ਪਿਤ ਦੇਣੀ ਹੁੰਦੀ ਹੈ। ਸਭ ਤੋਂ ਪਹਿਲੀ ਦਾਈ ਕੌਣ ਦੇਵੇ? ਇਸ ਕਾਰਜ ਲਈ ਪੁੱਗਣ ਦਾ ਨਿਯਮ ਹੈ। ਜਿੰਨੇ ਬੱਚੇ ਖੇਡਣਾ ਚਾਹੁਣ ਉਹ ਆਪੇ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਦੂਜੇ ਬੱਚੇ ਦਾ ਹੱਥ ਫੜਕੇ ਅਤੇ ਹੱਥਾਂ ਨੂੰ ਹਵਾ ਵਿੱਚ ਉਛਾਲ ਕੇ ਆਪਣੇ ਆਪਣੇ ਹੱਥ ਪੁੱਠੇ ਸਿੱਧੇ ਰੱਖਦੇ ਹਨ। ਫ਼ਰਜ਼ ਕਰੋ ਤਿੰਨ ਪੁੱਗਣ ਵਾਲੇ ਬੱਚੇ ਹਨ ਜੇਕਰ ਤਿੰਨਾਂ ਵਿੱਚੋਂ ਦੋ ਦੇ ਹੱਥ ਪੁੱਠੇ ਤੇ ਇੱਕ ਦਾ ਹੱਥ ਸਿੱਧਾ ਹੋਵੇ ਤਾਂ ਸਿੱਧੇ ਹੱਥਾਂ ਵਾਲਾ ਬੱਚਾ ਪੁੱਗਿਆ ਸਮਝਿਆ ਜਾਵੇਗਾ। ਇਸ ਤਰ੍ਹਾਂ ਵਾਰੋ ਵਾਰੀ ਕਈ ਪੁਗਦੇ ਹਨ। ਜਿਹੜਾ ਪੁੱਗ ਗਿਆ ਉਸ ਦੀ ਥਾਂ ਕੋਈ ਹੋਰ ਖੇਡਣ ਵਾਲਾ ਬੱਚਾ ਆ ਹੱਥ ਫੜਦਾ ਹੈ। ਇਸ ਤਰ੍ਹਾਂ ਜਦੋਂ ਸਾਰੇ ਪੁੱਗ ਜਾਂਦੇ ਹਨ ਤੇ ਜਿਹੜਾ ਬੱਚਾ ਪਿੱਛੇ ਰਹਿ ਜਾਂਦਾ ਹੈ ਉਹਦੇ ਸਿਰ ਦਾਈ ਆ ਜਾਂਦੀ ਹੈ। ਦਾਈ ਨੂੰ ਮੀਤੀ ਅਤੇ ਪਿੱਤ ਵੀ ਆਖਦੇ ਹਨ। ਦਾਈ ਦੇ ਸਥਾਨਕ ਤੌਰ 'ਤੇ ਨਾਂ ਵੱਖੋ-ਵੱਖਰੇ ਹਨ। ਪੁੱਗਣ ਦੀ ਇਸ ਵਿਧੀ ਸਮੇਂ ਗੀਤ ਵੀ ਗਾਏ ਜਾਂਦੇ ਹਨ:

ਇਕ ਸਲਾਈ ਦੋ ਸਲਾਈ
ਤੀਜਾ ਬੋਲੇ ਲੈਫ਼ਟ ਰਾਈਟ
ਹੋਰ
ਆਂਟੇ ਮਾਂਟੇ ਟਈਓ ਟਿੱਚ
ਘੁੱਗੀ ਬਟੇਰਾ ਆਲ੍ਹਣੇ ਵਿੱਚ

ਪੁੱਗਣ ਲਈ ਇੱਕ ਹੋਰ ਨਿਯਮ ਵੀ ਹੈ। ਖੇਡਣ ਵਾਲੇ ਸਾਰੇ ਬਚੇ ਇਕ ਗੋਲ ਚੱਕਰ ਬਣਾ ਕੇ ਖੜੋ ਜਾਂਦੇ ਹਨ। ਇਕ ਜਣਾ ਇਕੱਲੇ-ਇਕੱਲੇ ਬੱਚੇ ਦੀ ਛਾਤੀ 'ਤੇ ਉਂਗਲ ਛੁਹਾਂਦਾ ਹੋਇਆ ਇਹ ਛੰਦ ਉਚਾਰਦਾ ਜਾਂਦਾ ਹੈ:

ਈਂਗਣ ਮੀਂਗਣ
ਤਲੀ ਤਲੀਂਗਣ
ਕਾਲਾ ਪੀਲਾ ਡੱਕਰਾ
ਗੁੜ ਖਾਵਾਂ ਬੇਲ ਵਧਾਵਾਂ
ਮੂਲੀ ਪੱਤਰਾ
ਪੱਤਰਾਂ ਵਾਲੇ ਘੋੜੇ ਆਏ
ਹੱਥ ਕੁਤਾੜੀ ਪੈਰ ਕੁਤਾੜੀ
ਨਿਕਲ ਬਾਲਿਆ ਤੇਰੀ ਵਾਰੀ

ਆਖ਼ਰੀ ਸ਼ਬਦ ’ਤੇ ਹੱਥ ਲੱਗਣ ਵਾਲਾ ਪੁੱਗ ਜਾਂਦਾ ਹੈ। ਇਸ ਤਰ੍ਹਾਂ ਵਾਰ-ਵਾਰ ਇਹ ਛੰਦ ਬੋਲਿਆ ਜਾਂਦਾ ਹੈ।

ਪੁੱਗਣ ਦੇ ਕਈ ਹੋਰ ਗੀਤ ਵੀ ਹਨ। ਹਰ ਇਲਾਕੇ ਦੇ ਆਪਣੇ-ਆਪਣੇ ਗੀਤ ਪ੍ਰਚੱਲਤ ਹਨ। ਨਮੂਨੇ ਵਜੋਂ ਕੁਝ ਗੀਤ ਹਾਜ਼ਰ ਹਨ:

ਉੱਕੜ ਦੁੱਕੜ ਭੱਬਾ ਭੌ
ਅੱਸੀ ਨੱਬੇ ਪੂਰਾ ਸੌ
ਸਾਹਾ ਸਲੋਟਾ ਤਿੱਤਰ ਮੋਟਾ
ਚਲ ਮਾਦਰੀ ਪੈਸਾ ਖੋਟਾ

84! ਪੰਜਾਬੀ ਸਭਿਆਚਾਰ ਦੀ ਆਰਸੀ