ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੁੰਭਦੇ ਸਨ। ਇਹਨਾਂ ਤਿੰਨਾਂ ਕਥਾਵਾਂ ਵਿੱਚ ਅਜਿਹੇ ਨਾਟਕੀ ਅੰਸ਼ ਤੇ ਸੰਵਾਦ ਹਨ ਜੋ ਦਰਸ਼ਕਾਂ ਨੂੰ ਕੀਲ ਲੈਂਦੇ ਹਨ।

ਪੂਰਨ ਭਗਤ ਦੀ ਗਾਥਾ ਵਿੱਚ ਜਦੋਂ ਪੂਰਨ ਆਪਣੀ ਮਤਰੇਈ ਮਾਂ ਲੂਣਾਂ ਦੇ ਮਹਿਲੀਂ ਉਹਨੂੰ ਮਿਲਣ ਜਾਂਦਾ ਹੈ ਤਾਂ ਉਹ ਪੂਰਨ ਦੇ ਰੂਪ ’ਤੇ ਮੋਹਿਤ ਹੋ ਜਾਂਦੀ ਹੈ ਅਤੇ ਉਸ ਨੂੰ ਆਪਣੀ ਕਾਮ-ਵਾਸ਼ਨਾ ਦਾ ਸ਼ਿਕਾਰ ਬਣਾਉਣਾ ਚਾਹੁੰਦੀ ਹੈ ਪਰੰਤੂ ਪੂਰਨ ਉਸ ਨੂੰ ਆਪਣੀ ਮਾਂ ਦੇ ਸਮਾਨ ਸਮਝਦਾ ਹੋਇਆ ਆਪਣੇ ਜਤ-ਸਤ ’ਤੇ ਕਾਇਮ ਰਹਿੰਦਾ ਹੈ। ਜੋਗੀ ਬਣਿਆਂ ਪੂਰਨ ਜਦੋਂ ਸੁੰਦਰਾਂ ਦੇ ਮਹਿਲੀਂ ਗਜ਼ਾ ਕਰਨ ਜਾਂਦਾ ਹੈ ਤਾਂ ਉਹ ਵੀ ਪੂਰਨ ਦੇ ਰੂਪ ’ਤੇ ਆਪਾ ਵਾਰਨ ਲਈ ਤਿਆਰ ਹੋ ਜਾਂਦੀ ਹੈ। ਗੋਰਖ ਪਾਸੋਂ ਉਹ ਪੂਰਨ ਨੂੰ ਮੰਗ ਲੈਂਦੀ ਹੈ। ਪਰੰਤੂ ਪੂਰਨ ਉਸ ਨੂੰ ਪੱਲਾ ਨਹੀਂ ਫੜਾਉਂਦਾ। ਰਾਣੀ ਲੂਣਾਂ ਅਤੇ ਸੁੰਦਰਾਂ ਦਾ ਪੂਰਨ ’ਤੇ ਮੋਹਿਤ ਹੋਣਾ, ਪੂਰਨ ਦਾ ਆਪਣੇ ਜਤ-ਸਤ ’ਤੇ ਕਾਇਮ ਰਹਿਣ ਲਈ ਉਹਨਾਂ ਨਾਲ ਕੀਤਾ ਸੰਵਾਦ ਅਜਿਹੇ ਮਾਰਮਿਕ ਦ੍ਰਿਸ਼ ਹਨ ਜੋ ਦਰਸ਼ਕਾਂ ਦੀ ਆਤਮਾ ਨੂੰ ਝੰਜੋੜ ਕੇ ਰੱਖ ਦੇਂਦੇ ਹਨ। ਰਾਜਾ ਗੋਪੀ ਚੰਦ ਦੀ ਕਥਾ ਵਿੱਚ ਰਾਣੀ ਮੈਣਾਵਤੀ ਦਾ ਇਸ਼ਨਾਨ ਕਰਦੇ ਗੋਪੀ ਚੰਦ ਦੀ ਸੁੰਦਰ ਕਾਇਆ ਨੂੰ ਦੇਖ ਕੇ ਵੈਰਾਗਮਈ ਹੰਝੂ ਕੇਰਨਾ ਅਤੇ ਦੋਹਾਂ ਦਾ ਸੰਵਾਦ, ਫੇਰ ਗੋਪੀ ਚੰਦ ਦਾ ਤਾਜ ਤਖ਼ਤ ਛੱਡ ਕੇ ਜੋਗੀ ਹੋ ਤੁਰਨਾ ਅਜਿਹੇ ਵੈਰਾਗਮਈ ਦ੍ਰਿਸ਼ ਹਨ ਜੋ ਦਰਸ਼ਕਾਂ ਦੇ ਹਿਰਦਿਆਂ ਨੂੰ ਪਿਘਲਾ ਦੇਂਦੇ ਹਨ।

ਬਸੰਤ ਪੰਚਮੀ ਵਾਲੇ ਦਿਨ ਹਕੀਕਤ ਰਾਏ ਦਾ ਸਵਾਂਗ ਖੇਡਿਆ ਜਾਂਦਾ ਹੈ ਜਿਸ ਵਿੱਚ ਬਾਰਾਂ ਵਰ੍ਹਿਆਂ ਦੇ ਹਕੀਕਤ ਰਾਏ ਨੂੰ ਦੁਨਿਆਵੀ ਖ਼ੁਸ਼ੀਆਂ ਨੂੰ ਲੱਤ ਮਾਰ ਕੇ ਆਪਣੇ ਧਰਮ ਲੋਈ ਮੌਤ ਕਬੂਲ ਕਰਦਿਆਂ ਦਿਖਾਇਆ ਗਿਆ ਹੈ। ਇਹ ਤਿੰਨੇ ਸਾਂਗ, ਪਰੰਪਰਾਗਤ, ਸਦਾਚਾਰਕ ਅਤੇ ਅਧਿਆਤਮਕ ਕਦਰਾਂ ਕੀਮਤਾਂ 'ਤੇ ਪਹਿਰਾ ਦੇਣ ਵਾਲੇ ਅਜਿਹੇ ਲੋਕ ਨਾਟ ਹਨ ਜੋ ਮੱਧਕਾਲੀਨ ਸਮਿਆਂ ਦੇ ਲੋਕਾਂ ਦੇ ਮਨਾਂ 'ਤੇ ਛਾਏ ਰਹੇ ਹਨ।

ਰਾਸਧਾਰੀਆਂ ਤੋਂ ਬਿਨਾਂ, ਨਕਲੀਏ, ਭੰਡ ਅਤੇ ਨਚਾਰਾਂ ਦੇ ਟੋਲੇ ਵੀ ਪੇਂਡੂ ਲੋਕਾਂ ਲਈ ਸਵਾਂਗ ਖੇਡਦੇ ਰਹੇ ਹਨ। ਉਹ ਆਮ ਕਰਕੇ ਸਥਾਨਕ ਘਟਨਾਵਾਂ ਅਤੇ ਪ੍ਰਮੁੱਖ ਵਿਅਕਤੀਆਂ ਦੇ ਸਵਾਂਗ ਧਾਰ ਕੇ ਮਸ਼ਕਰੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਸਨ।

ਵਿਆਹ ਸ਼ਾਦੀਆਂ ਦੇ ਅਵਸਰ 'ਤੇ ਅਤੇ ਤੀਆਂ ਦੇ ਤਿਉਹਾਰ ਸਮੇਂ ਪੰਜਾਬ ਦੀਆਂ ਮੁਟਿਆਰਾਂ ਗਿੱਧਾ ਅਤੇ ਫੜੁਹਾ ਪਾਉਂਦੀਆਂ ਹੋਈਆਂ ਅਨੇਕਾਂ ਸਵਾਂਗ ਖੇਡਦੀਆਂ ਹਨ। ਸੌਂਕਣ, ਅਨਜੋੜ ਪਤੀ, ਸੱਸ-ਸਹੁਰੇ, ਜੇਠ, ਦੇਵਰ, ਭਾਬੀ ਅਤੇ ਪ੍ਰਦੇਸੀ ਢੋਲੇ ਦੇ ਅਨੇਕਾਂ ਸਵਾਂਗ ਪ੍ਰਾਪਤ ਹਨ ਜਿਨ੍ਹਾਂ ਨੂੰ ਖੇਡ ਕੇ ਪੰਜਾਬ ਦੀਆਂ ਮੁਟਿਆਰਾਂ ਆਪਣੇ ਦਿਲਾਂ ਦੇ ਗੁਭਗੁਭਾਟ ਕਢਦੀਆਂ ਹਨ।

ਮਸ਼ੀਨੀ ਸਭਿਅਤਾ ਦੇ ਵਿਕਾਸ ਦੇ ਪ੍ਰਭਾਵ ਕਾਰਨ ਪੇਂਡੂ ਲੋਕਾਂ ਦੇ ਲੋਕ ਮਨੋਰੰਜਨ ਦੇ ਸਾਧਨ ਤਬਦੀਲ ਹੋ ਗਏ ਹਨ ਇਸੇ ਪ੍ਰਭਾਵ ਸਦਕਾ ਪੰਜਾਬ ਦੇ ਲੋਕ ਜੀਵਨ ਵਿੱਚੋਂ ਸਵਾਂਗ ਖੇਡਣ ਦੀ ਪਰੰਪਰਾ ਸਮਾਪਤ ਹੋ ਗਈ ਹੈ...ਬਸ ਯਾਦਾਂ ਹੀ ਰਹਿ ਗਈਆਂ ਹਨ।

92/ਪੰਜਾਬੀ ਸਭਿਆਚਾਰ ਦੀ ਆਰਸੀ