ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਾਕੀਆਂ ਪੇਸ਼ ਕੀਤੀਆਂ ਜਾਂਦੀਆਂ ਹਨ। ਬਿੰਦਰਾਬਨ ਤੇ ਮਥੁਰਾ, ਜਿੱਥੇ ਕ੍ਰਿਸ਼ਨ ਦਾ ਬਾਲਪਨ ਬੀਤਿਆ ਰਾਸ ਲੀਲ੍ਹਾ ਦੇ ਜਨਮ ਅਸਥਾਨ ਵਜੋਂ ਜਾਣੇ ਜਾਂਦੇ ਹਨ। ਕ੍ਰਿਸ਼ਨ ਦੀ ਇਸ ਧਰਤੀ ਤੇ ਅਨੇਕਾਂ ਮੰਦਰ ਹਨ ਜਿਨ੍ਹਾਂ ਨਾਲ ਰਾਸ ਲੀਲਾ ਦੀਆਂ ਮੰਡਲੀਆਂ ਜੁੜੀਆਂ ਹੋਈਆਂ ਹਨ। ਇਹਨਾਂ ਮੰਡਲੀਆਂ ਵਾਲਿਆਂ ਨੂੰ ਦੂਰ ਦੁਰਾਡੇ ਤੋਂ ਰਾਸ ਲੀਲ੍ਹਾ ਪਾਉਣ ਦੇ ਸੱਦੇ ਆਉਂਦੇ ਹਨ।

ਪੰਜਾਬ ਵਿੱਚ ਰਾਸ ਲੀਲ੍ਹਾ ਪਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਕੀ ਬੱਚੇ, ਕੀ ਜਵਾਨ, ਕੀ ਬੁੱਢੇ, ਮਰਦ-ਔਰਤਾਂ ਰਾਸਾਂ ਨੂੰ ਭਗਤੀ ਭਾਵਨਾ ਅਤੇ ਆਤਮਕ ਤ੍ਰਿਪਤੀ ਲਈ ਬੜੇ ਚਾਅ ਨਾਲ ਦੇਖਦੇ ਹਨ।ਕ੍ਰਿਸ਼ਨ ਅਵਤਾਰ ਭਾਰਤੀ ਜਨ ਸਾਧਾਰਨ ਦਾ ਹਰਮਨ ਪਿਆਰਾ ਰੰਗੀਲੇ ਅਤੇ ਅਲਬੇਲੇ ਸੁਭਾਅ ਦਾ ਮਾਲਿਕ ਇੱਕ ਅਜਿਹਾ ਅਵਤਾਰ ਹੈ ਜਿਸ ਦੀ ਜੀਵਨ ਲੀਲ੍ਹਾ ਰਸ ਭਰਪੂਰ ਹੈ। ਬਾਲ ਅਵਸਥਾ ਵਿੱਚ ਉਹ ਪਾਣੀ ਭਰਨ ਜਾਂਦੀਆਂ ਗੋਪੀਆਂ ਦੇ ਘੜੇ ਗੁਲੇਲਾਂ ਨਾਲ ਭੰਨਦਾ ਹੈ, ਕਿਧਰੇ ਚਾਟੀਆਂ ਵਿੱਚੋਂ ਮੱਖਣ ਚੋਰੀ ਕਰਦਾ ਹੈ ਅਤੇ ਜਵਾਨ ਹੋ ਕੇ ਰਾਧਾ ਨਾਲ ਅਤੇ ਹੋਰ ਅਨੇਕਾਂ ਗੋਪੀਆਂ ਨਾਲ ਕਈ ਪ੍ਰਕਾਰ ਦੇ ਚੁਹਲ ਕਰਦਾ ਹੈ। ਰਾਸ ਲੀਲ੍ਹਾ ਦੇ ਰੰਗਮੰਚ ’ਤੇ ਪੇਸ਼ ਕੀਤੀਆਂ ਜਾਂਦੀਆਂ ਕ੍ਰਿਸ਼ਨ ਜੀ ਦੇ ਜੀਵਨ ਨਾਲ ਜੁੜੀਆਂ ਰਸ ਭਰਪੂਰ ਝਾਕੀਆਂ ਦਰਸ਼ਕਾਂ ਦਾ ਮਨ ਮੋਹ ਲੈਂਦੀਆਂ ਹਨ।

ਚੰਨ ਚਾਨਣੀਆਂ ਰਾਤਾਂ ਵਿੱਚ ਜਾਂ ਗੈਸਾਂ ਦੇ ਚਾਨਣ ਵਿੱਚ ਰਾਤ ਸਮੇਂ ਰਾਸ ਲੀਲ੍ਹਾ ਖੇਡੀ ਜਾਂਦੀ ਹੈ। ਰਾਸਧਾਰੀਆਂ ਦੀ ਟੋਲੀ ਵਿੱਚ ਸਾਜਿੰਦੇ, ਗਵੱਈਏ ਤੇ ਛੋਟੀ ਉਮਰ ਦੇ ਕੁਝ ਨਚਾਰ ਮੁੰਡੇ ਹੁੰਦੇ ਹਨ ਜਿਨ੍ਹਾਂ ਵਿੱਚ ਇਕ ਹਸਮੁਖ ਪਾਤਰ ਵੀ ਹੁੰਦਾ ਹੈ ਜਿਸ ਨੂੰ ‘ਨਾਰਦ’ ਆਖਦੇ ਹਨ। ਕਿਸੇ ਸੁਨੱਖੇ 'ਤੇ ਔਰਤਾਂ ਵਾਲੇ ਨੈਣ ਨਕਸ਼ਾਂ ਵਾਲੇ ਮੁੰਡੇ ਨੂੰ ਹਾਰ-ਸ਼ਿੰਗਾਰ ਲਾ ਕੇ, ਉਹਦੀਆਂ ਅੱਖਾਂ 'ਚ ਕਜਲਾ ਪਾ ਕੇ ਤੇ ਹੱਥ ਵਿੱਚ ਬਨਸਰੀ ਫੜਾ ਕੇ ਤੇ ਸਿਰ 'ਤੇ ਮੌਰ ਮੁਕਟ ਸਜਾ ਕੇ ਕ੍ਰਿਸ਼ਨ ਬਣਾ ਦਿੱਤਾ ਜਾਂਦਾ ਹੈ...ਦਰਸ਼ਕ ਉਸ ਨੂੰ ਨਮਕਾਰ ਕਰਦੇ ਹਨ। ਛੋਟੀ ਉਮਰ ਦੇ ਮੁੰਡੇ ਹੀ ਰਾਧਾ ਅਤੇ ਗੋਪੀਆਂ ਦਾ ਅਭਿਨੈ ਕਰਦੇ ਹਨ। ਮੰਚ ਉੱਤੇ ਰਾਧਾ ਅਤੇ ਕ੍ਰਿਸ਼ਨ ਦੀ ਪ੍ਰੇਮ ਲੀਲ੍ਹਾ ਇਸ ਤਰ੍ਹਾਂ ਪੇਸ਼ ਕੀਤੀ ਜਾਂਦੀ ਹੈ ਜਿਸ ਵਿੱਚੋਂ ਭਗਤੀ ਰਸ ਤੇ ਸ਼ਿੰਗਾਰ ਰਸ ਚੋ-ਚੋ ਪੈਂਦਾ ਹੈ। ਇਸ ਤਰ੍ਹਾਂ ਮੰਚ ਉੱਤੇ ਕ੍ਰਿਸ਼ਨ ਦੇ ਜੀਵਨ ਬਿਰਤਾਂਤ ਦੀਆਂ ਅਨੇਕ ਝਾਕੀਆਂ ਮੂਰਤੀਮਾਨ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਦਰਸ਼ਕ ਖੂਬ ਆਨੰਦ ਮਾਣਦੇ ਹਨ। ਰਾਸ ਲੀਲ੍ਹਾ ਵਿੱਚ ਲੋਕ ਸੰਗੀਤ ਦੀਆਂ ਧੁਨਾਂ, ਨਾਚ ਅਤੇ ਅਭਿਨੈ ਦਾ ਸੁਮੇਲ ਦਰਸ਼ਕਾਂ ਉੱਤੇ ਅਜਿਹਾ ਪ੍ਰਭਾਵ ਪਾਉਂਦਾ ਹੈ ਕਿ ਉਹ ਮੰਤਰ ਮੁਗਧ ਹੋਏ ਸਾਰੀ-ਸਾਰੀ ਰਾਤ ਰਾਸ ਦੇਖਦਿਆਂ ਬਤੀਤ ਕਰ ਦੇਂਦੇ ਹਨ।

ਪਹਿਲਾਂ-ਪਹਿਲਾਂ ਰਾਸ ਲੀਲ੍ਹਾਂ ਵਿੱਚ ਕ੍ਰਿਸ਼ਨ ਲੀਲ੍ਹਾ ਦਾ ਵਿਸ਼ਾ ਪ੍ਰਧਾਨ ਰਿਹਾ ਹੈ। ਪਰੰਤੂ ਮਗਰੋਂ ਰਾਸਧਾਰੀਆਂ ਨੇ ਆਮ ਲੋਕਾਂ ਦੀ ਪਸੰਦ ਤੇ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਲੋਕ ਨਾਇਕਾਂ, ਰਾਜਾ ਭਰਥਰੀ ਹਰੀ, ਪੂਰਨ ਭਗਤ, ਗੋਪੀ ਚੰਦ, ਰਾਜਾ ਰਸਾਲੂ, ਕੀਮਾ ਮਲਕੀ, ਸੋਹਣੀ-ਮਹੀਂਵਾਲ, ਹੀਰ-ਰਾਝਾਂ ਅਤੇ ਮਿਰਜ਼ਾ-ਸਾਹਿਬਾਂ ਦੀਆਂ ਪ੍ਰੀਤ ਕਹਾਣੀਆਂ ਵਿੱਚੋਂ ਵੀ ਰਸੀਲੀਆਂ ਝਲਕੀਆਂ ਪੇਸ਼ ਕਰਨੀਆਂ ਸ਼ੁਰੂ ਕਰ ਦਿੱਤੀਆਂ। ਲੋਕ ਜੀਵਨ ਵਿੱਚ ਵਾਪਰੀਆਂ ਅਨੇਕਾਂ ਦਿਲਚਸਪ ਘਟਨਾਵਾਂ ਨੂੰ ਵੀ ਉਹ ਮੰਚ 'ਤੇ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਸਨ।

ਰਾਸ ਪਾਉਣ ਦੀ ਇਹ ਪਰੰਪਰਾ ਅੱਜਕਲ੍ਹ ਸਮਾਪਤ ਹੀ ਹੋ ਗਈ ਹੈ।

94/ਪੰਜਾਬੀ ਸਭਿਆਚਾਰ ਦੀ ਆਰਸੀ