ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਮ ਲੀਲ੍ਹਾ

ਰਾਮ ਲੀਲ੍ਹਾ ਪੰਜਾਬੀਆਂ ਦਾ ਮਨ ਪਸੰਦ ਲੋਕ-ਨਾਟ ਹੈ। ਇਸ ਵਿੱਚ ਸੰਗੀਤ ਨਾਟ, ਰਾਸਾਂ, ਨਕਲਾਂ ਅਤੇ ਅਭਿਨੈ ਦੇ ਅੰਸ਼ ਸਮੋਏ ਹੋਏ ਹਨ ਜਿਸ ਕਰਕੇ ਇਹ ਸਦੀਆਂ ਤੋਂ ਦਰਸ਼ਕਾਂ ਦਾ ਮਨੋਰੰਜਨ ਹੀ ਨਹੀਂ ਕਰ ਰਹੀ ਬਲਕਿ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਤ੍ਰਿਪਤ ਕਰ ਰਹੀ ਹੈ। ਇਹ ਦੁਸਹਿਰੇ ਦੇ ਦਿਨਾਂ ਵਿੱਚ ਪੰਜਾਬ ਦੇ ਛੋਟੇ ਤੇ ਵੱਡੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਤੌਰ 'ਤੇ ਰਾਤ ਸਮੇਂ ਰੰਗਮੰਚ 'ਤੇ ਖੇਡੀ ਜਾਂਦੀ ਹੈ।

ਪੰਦਰਵੀਂ ਅਤੇ ਸੋਲ੍ਹਵੀਂ ਸਦੀ ਵਿੱਚ ਉੱਤਰੀ ਭਾਰਤ ਵਿੱਚ ਭਗਤੀ ਲਹਿਰ ਜ਼ੋਰਾਂ 'ਤੇ ਸੀ। ਇਸ ਦਾ ਪ੍ਰਚਾਰ ਜਲੂਸਾਂ, ਪ੍ਰਭਾਤ ਫੇਰੀਆਂ, ਸੰਗੀਤ ਨਾਟਾਂ ਅਤੇ ਭਜਨਾਂ ਰਾਹੀਂ ਕੀਤਾ ਜਾਂਦਾ ਸੀ। ਇਸੇ ਪ੍ਰਭਾਵ ਅਧੀਨ ਉੱਤਰ ਪ੍ਰਦੇਸ਼ ਵਿੱਚ ਰਾਮ ਲੀਲ੍ਹਾ ਖੇਡੀ ਜਾਣ ਲੱਗੀ ਜਿਸ ਵਿੱਚ ਰਮਾਇਣ ਦੀ ਕਥਾ ਨੂੰ ਨਾਟਕੀ ਰੂਪ ਦੇ ਕੇ ਸਥਾਨਕ ਬੋਲੀ ਵਿੱਚ ਪੇਸ਼ ਕੀਤਾ ਜਾਣ ਲੱਗਾ। ਰਾਮ ਦੀ ਜੀਵਨ ਲੀਲ੍ਹਾ ਨੂੰ ਇਸ ਲੋਕ ਨਾਟ ਰਾਹੀਂ ਪੇਸ਼ ਕਰਨ ਕਰਕੇ ਹੀ ਇਸ ਲੋਕ ਨਾਟ ਦਾ ਨਾਂ ਰਾਮ ਲੀਲ੍ਹਾ ਪੈ ਗਿਆ ਹੈ।

ਉੱਤਰ ਪ੍ਰਦੇਸ਼ ਰਾਮ ਲੀਲ੍ਹਾ ਦਾ ਜਨਮ ਅਸਥਾਨ ਹੈ ਪਰੰਤੂ ਭਾਰਤ ਦੇ ਅਨੇਕਾਂ ਰਾਜਾਂ ਵਿਸ਼ੇਸ਼ ਕਰਕੇ ਰਾਜਸਥਾਨ ਅਤੇ ਪੰਜਾਬ ਵਿੱਚ ਵੀ ਇਸ ਨੂੰ ਬੜੀ ਸ਼ਰਧਾ ਤੇ ਸਤਿਕਾਰ ਨਾਲ ਖੇਡਿਆ ਤੇ ਦੇਖਿਆ ਜਾਂਦਾ ਹੈ।

ਰਾਮ ਲੀਲ੍ਹਾ ਹਰ ਸਾਲ ਦੁਸਹਿਰੇ ਦੇ ਦਿਨਾਂ ਵਿੱਚ ਪਹਿਲੇ ਨਰਾਤੇ ਤੋਂ ਸ਼ੁਰੂ ਹੋ ਜਾਂਦੀ ਹੈ। ਇਹ ਰਾਤ ਸਮੇਂ ਰੰਗਮੰਚ 'ਤੇ ਖੇਡੀ ਜਾਂਦੀ ਹੈ। ਰਾਮਾਇਣ ਦੀ ਸਮੁੱਚੀ ਕਥਾ ਨੂੰ ਦਸ ਖੰਡਾਂ (ਵਰਗਾਂ) ਵਿੱਚ ਵੰਡ ਲਿਆ ਜਾਂਦਾ ਹੈ ਤੇ ਹਰ ਨਿਸ਼ਚਿਤ ਵਰਗ-ਕਰਮ ਅਨੁਸਾਰ ਹਰ ਰੋਜ਼ ਰੰਗ ਮੰਚ ’ਤੇ ਨਾਟਕੀ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿਸ ਨੂੰ ਪਾਤਰ ਬੜੀ ਸ਼ਰਧਾ ਅਤੇ ਜੋਸ਼ ਨਾਲ ਖੇਡਦੇ ਹਨ। ਗੈਸਾਂ ਦੇ ਚਾਨਣ ਵਿੱਚ ਨਾਟਕ ਖੇਡ ਰਹੇ ਪਾਤਰਾਂ ਦੇ ਵਸਤਰ, ਜੋ ਆਮ ਤੌਰ `ਤੇ ਮਖ਼ਮਲੀ ਅਤੇ ਰੇਸ਼ਮੀ ਹੁੰਦੇ ਹਨ, ਊਲ-ਮਿਲ, ਝਿਲ-ਮਿਲ ਕਰ ਰਹੇ ਹੁੰਦੇ ਹਨ। ਪਾਤਰ ਦੇ ਚਰਿੱਤਰ ਅਨੁਸਾਰ ਵਸਤਰ ਪਹਿਨੇ ਹੁੰਦੇ ਹਨ। ਇਹਨਾਂ ਦੇ ਚਿਹਰਿਆਂ 'ਤੇ ਭਿੰਨ ਭਿੰਨ ਪ੍ਰਕਾਰ ਦੇ ਪਹਿਨੇ ਮਖੌਟੇ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ। ਨਾਰੀ ਪਾਤਰਾਂ ਦਾ ਅਭਿਨੈ ਵੀ ਮਰਦ ਪਾਤਰ ਹੀ ਕਰਦੇ ਹਨ।

ਸਭ ਤੋਂ ਪਹਿਲਾਂ ਕਥਾਵਾਚਕ ਮਹਾਂਕਵੀ ਤੁਲਸੀ ਰਚਿਤ 'ਰਾਮ ਚਰਿਤ ਮਾਨਸ' ਵਿੱਚੋਂ ਚੁਪਾਈਆਂ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਗਾਉਂਦਾ ਹੈ। ਦਰਸ਼ਕ ਧਾਰਮਿਕ ਪ੍ਰਭਾਵ ਅਧੀਨ ਚੁੱਪ ਬੈਠੇ ਰਹਿੰਦੇ ਹਨ ਤੇ ਕਥਾਵਾਚਕ ਦੀ ਉੱਚੀ ਤੇ ਭਰਵੀਂ ਆਵਾਜ਼ ਉਹਨਾਂ ’ਤੇ ਅਨੁਠਾ ਪ੍ਰਭਾਵ ਪਾਉਂਦੀ ਹੈ। ਹਜ਼ਾਰਾਂ ਦਰਸ਼ਕ ਚੁੱਪ-ਚਪੀਤੇ ਸ਼ਰਧਾ ਨਾਲ ਮੰਚ ਵੱਲ ਦੇਖਦੇ ਹਨ ਤੇ ਮੰਚ 'ਤੇ ਖੜੋਤੇ ਕਲਾਕਾਰ ਵੀ ਬੁੱਤ ਬਣੇ ਨਜ਼ਰ ਆਉਂਦੇ ਹਨ। ਜਦੋਂ ਕਥਾਵਾਚਕ

95/ਪੰਜਾਬੀ ਸਭਿਆਚਾਰ ਦੀ ਆਰਸੀ