ਪੰਨਾ:ਪੰਜਾਬ ਦੀਆਂ ਵਾਰਾਂ.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹਰਿੰਦਰ ਸਿੰਘ ਜੀ ਦੀਆਂ ਇਹ ਸੱਤ ਵਾਰਾਂ ਵਾਰ ਰੂਪ ਦੀਆਂ ਅੱਠ ਵੰਨਗੀਆਂ ਹਨ। ਸਾਹਿਤਕ ਨਿਪੱਣਤਾ ਨੇ ਵਾਰ ਰੂਪ ਨੂੰ ਮਾਂਜ ਸੰਵਾਰ ਕੇ ਉਹ ਕੰਮ ਕੀਤਾ ਹੈ ਜੋ ਮਾਂਘ, ਬਿੰਦੀ ਤੇ ਸੁਰਖ਼ੀ ਇਕ ਸੋਹਣੇ ਅਰੋਗ ਚਿਹਰੇ ਤੇ ਕਰਦੀਆਂ ਹਨ। ਇਸ ਸੰਵਾਰਨ ਵਿਚ ਵਾਰ ਦੀਆਂ ਕੁਦਰਤੀ ਖੁਲ੍ਹਾਂ ਨੂੰ ਨਪੀੜ ਨਹੀਂ ਦਿਤਾ ਗਿਆ, ਮਾਤਰਾ ਸੰਖਿਆ ਨੂੰ ਭਾਵ ਦੇ ਅਧੀਨ ਰਖਿਆ ਗਿਆ ਹੈ। ਭਾਵ ਨੂੰ ਪਿੰਗਲ ਦਾ ਕਾਠ ਨਹੀਂ ਮਾਰਿਆ।
ਇਨਾਂ ਵਾਰਾਂ ਦਾ ਮਜ਼ਮੂਨ ਸੂਰਮਗਤ ਹੈ। ਪੰਜਾਬ ਵਿਚ ਸੂਰਮਗਤ ਸਿਖ ਇਤਿਹਾਸ ਦੇ ਹਿੱਸੇ ਆਈ ਹੈ। ਸੋ ਇਹ ਸਿੱਖ ਇਤਿਹਾਸ ਦੀਆਂ ਵਾਰਾਂ ਹਨ, ਪਰ ਜਿਸ ਤਰ੍ਹਾਂ ਕਿ ਸ਼ੁਧ ਤੇ ਮੁਨਾਸਿਬ ਹੈ ਸਿਖ ਇਤਿਹਾਸ ਨੂੰ ਫ਼ਿਰਕੂ ਰੰਗ ਨਹੀਂ ਦਿੱਤਾ ਗਿਆ, ਕੌਮੀ ਲਿਬਾਸ ਪਹਿਨਾਇਆ ਗਿਆ ਹੈ।
ਪਹਿਲੀ ਵਾਰ ਗੁਰੂ ਹਰਗੋਬਿੰਦ ਦੀ ਮੀਰੀ ਦੀ ਵਾਰ ਹੈ। ਵਿਸ਼ਾ ਇਸ ਦਾ ਇਹ ਹੈ ਕਿ ਕਿਸ ਤਰਾਂ ਸਮੇਂ ਦੀ ਲੋੜ ਅਨੁਸਾਰ ਪੀਰ ਨੂੰ ਮੀਰ ਬਣਨਾ ਪੈਂਦਾ ਹੈ। ਕਿਉਂਕਿ-

ਉਹ ਆਗੂ ਕੀ ਜੋ ਵਕਤ ਸਿਰ ਅਪਣੇ ਨ ਦਾ ਬਦਲ ਦਵੇ,
ਉਹ ਸਿਆਸਤ ਕੀ ਜੋ ਮੁਲਕ ਨੂੰ ਦੁਖਾਂ ਦੇ ਮੂੰਹ ਵਿਚ ਪਾ ਦਵੇ,

... ... ...

ਉਹ ਸ਼ਾਂਤੀ ਕੀ ਜੋ ਦੇਸ ਨੂੰ ਗਿੱਦੜ ਤੋਂ ਵਧ ਬਣਾ ਦਵੇ।

ਇਸ ਸਮੇਂ ਤੋਂ ਸਿਖ ਇਤਿਹਾਸ ਵਿਚ ਮੀਰੀ ਦਾ ਦੌਰ ਚਲ ਪਿਆ ਸੋ ਇਹ ਮੁਨਾਸਿਬ ਹੀ ਸੀ ਕਿ ਇਸ ਤੋਂ ਬਾਦ ਮੀਰਾਂ ਦੇ ਪੀਰ ਦਸਮੇਸ਼ ਦੀ ਵਾਰ ਆਵੇ। ਇਸ ਵਾਰ ਵਿਚ ਕਵੀ ਦਾ ਅੰਦਰ ਤੇ ਬਾਹਰ ਇਕ ਹੈ।