ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਗ ਨ ਕੱਢਣ ਹੁਣ ਕਦੀ ਬੁਢੀਆਂ ਮੁਟਿਆਰਾਂ,
ਗੁਲ ਖਿੜਾਇਆ ਕਮਲੀਆਂ ਕੀ ਲਾਣ ਬਹਾਰਾਂ?
ਭੁਲੀਆਂ ਡੋਹੇ ਦੇਵਣੇ ਤੇ ਗੀਤ ਬਨਾਣੇ।
ਕੁੜੀਆਂ ਉਕਾ ਛਡ ਰਹੀਆਂ ਹਨ ਤ੍ਰਿੰਞਣ ਪਾਣੇ।
ਰਹੀਆਂ ਨਹੀਂ ਕਹਾਣੀਆਂ ਮੇਰੇ ਰੰਗ ਰੱਤੀਆਂ।
ਗਈਆਂ ਬੁਝ ਬੁਝਾਰਤਾਂ ਅਕਲਾਂ ਦੀਆਂ ਬੱਤੀਆਂ।
ਸੱਦਾਂ ਲਾਣੋਂ ਜੱਟ ਵੀ ਕੰਨੀ ਕਤਰਾਂਦੇ,
ਜੀਵਨ ਵਿਚ ਗੜੁੱਚੀਆਂ ਨਹੀਂ ਛਿੰਝਾ ਪਾਂਦੇ।
ਢਾਢੀ ਨਹੀਂ ਸੁਣਾਉਂਦੇ ਅਗ-ਲਾਊ ਵਾਰਾਂ,
ਬੰਨ੍ਹਦੇ ਨਹੀਂ ਬਹਾਦਰੀ ਦੀਆਂ ਟੁੱਟੀਆਂ ਤਾਰਾਂ।
ਛਾਈਂ ਮਾਈਂ ਹੋ ਗਿਆ ਭੰਡਾਂ ਦਾ ਹਾਸਾ।
ਬਾਜ਼ੀਗਰਾਂ ਮਦਾਰੀਆਂ ਦਾ ਨਹੀਂ ਤਮਾਸ਼ਾ।
ਮੇਰੇ ਟੋਟੇ ਕਰ ਰਹੇ ਮੇਰੇ ਪੁਤ ਪਿਆਰੇ,
ਆਪਸ ਦੇ ਵਿਚ ਖਹਿ ਰਹੇ ਕਰਮਾਂ ਦੇ ਮਾਰੇ।
ਬੁਲ੍ਹੇ ਵਰਗਾ ਸਾਈਂ ਨਹੀਂ ਜੋ ਸਾਫ ਸੁਣਾਵੇ,
ਹਿੰਦੂ ਮੁਸਲਿਮ ਵੀਰ ਦਾ ਨ ਵੈਰ ਪਵਾਵੇ!
ਸ਼ਾਹ ਮੁਹੰਮਦ ਜਿਹੇ ਕਵੀ ਵੀਰਾਂ ਦੀਆਂ ਵਾਰਾਂ,
ਹੁਣ ਵੀ ਗਾਵਣ ਜੋ ਕਦੀ ਮੈਂ ਤਨ ਮਨ ਵਾਰਾਂ,

ਜਿਹੜੇ ਆਪਣੀ ਬੋਲੀਉਂ ਹਨ ਨਹੀਂ ਸ਼ਰਮਾਉਂਦੇ,
ਜਿਹੜੇ ਆਪਣੀ ਪੱਗ ਨੂੰ ਨਹੀਂ ਹੱਥ ਪਵਾਉਂਦੇ,
ਜੁਗ ਤੋਂ ਮੇਰੇ ਵਾਸਤੇ ਜੋ ਲੜਦੇ ਆਏ,
ਮੇਰੇ ਕਿਣਕੇ ਜਗ ਦੇ ਉਤੇ ਚਮਕਾਏ,

-੮-