ਇਹ ਸਫ਼ਾ ਪ੍ਰਮਾਣਿਤ ਹੈ
੫.
ਬੰਦੇ ਨੇ ਹੱਥ ਬੰਨ੍ਹ ਕੇ ਇੰਜ ਅਰਜ਼ ਸੁਣਾਈ:-
"ਜਿਨਾਂ ਪੰਜਾਂ ਪਾਣੀਆਂ ਦੀ ਆਬ ਗਵਾਈ,
ਭੋਂ ਜਿਨਾਂ ਕਸ਼ਮੀਰ ਦੀ ਹੈ ਨਰਕ ਬਣਾਈ,
ਕਮਜ਼ੋਰਾਂ ਦੇ ਵਾਸਤੇ ਜੋ ਹੈਨ ਕਸਾਈ,
ਜਿਹੜੇ ਜ਼ੁਲਮਾਂ ਦੀ ਸਦਾ ਪਏ ਕਰਨ ਕਮਾਈ,
ਗੁਰੂ ਨਾਨਕ ਦੇ ਰਾਹ ਨੂੰ ਪਏ ਜਾਣ ਭੁਲਾਈ,
ਜਿਨ੍ਹਾਂ ਦੇਸੀ ਹੁਨਰ ਦੇ ਸਿਰ ਭੱਸ ਹੈ ਪਾਈ,
ਓਹਨਾਂ ਨੂੰ ਸੁਰ ਕਰਦਿਆਂ ਦਿਲ ਦੇ ਵਿਚ ਆਈ।"
ਜਿਹੜੀ ਅਰਜਨ ਦੇਵ ਨੇ ਹੈ ਵੇਲ ਵਧਾਈ,
ਓਹਨੂੰ ਸਿੰਜਾਂ ਖੂਨ ਨਾਲ ਏਹੋ ਮਨ ਭਾਈ।
੬.
ਬਾਜਾਂ ਵਾਲੇ ਆਖਿਆ "ਨਿੱਤ ਸੋਚ ਦੁੜਾਈਂ।
ਬਣ ਗਈ ਭੋਂ ਪੰਜਾਬ ਦੀ ਜਾ ਪਰਤ ਨ ਆਈਂ।
ਬੀਰਤਾ ਤੇ ਅਣਖ ਦੀ ਤੂੰ ਜੋਗ ਚਲਾਈਂ।
ਮਿਹਨਤ ਅਤੇ ਅਸੂਲ ਦਾ ਤੂੰ ਕੇਰਾ ਲਾਈਂ।
ਸੋਚ ਸੁਹਾਗਾ ਫੇਰ ਕੇ ਹੱਕ ਕਣਕ ਉਗਾਈਂ।
ਪੈਲੀ ਡੰਗਰ ਢੋਰ ਤੋਂ ਤੂੰ ਨ ਉਜੜਾਈਂ।
ਉਤਸ਼ਾਹ ਸੱਚ ਦੇ ਕਾਮਿਆਂ ਨੂੰ ਗਿਰਦ ਬਹਾਈਂ।
ਮੁਸਲਮ ਹਿੰਦੂ ਵੀਰ ਨੂੰ ਖੁਦ ਹੱਕ ਪੁਚਾਈਂ।"
੩੩