ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੯.


ਜਿਸ ਦੀ ਬੜੀ ਉਡੀਕ ਸੀ ਉਹ ਦਿਨ ਵੀ ਆਇਆ।
ਧਹਿ ਧਹਿ ਧੌਂਸਾ ਕੁੱਟਿਆ ਬੰਦਾ ਉਠ ਧਾਇਆ।
ਅੱਗੇ ਝੰਡੇ ਝੂਲਦੇ ਦਲ ਪਿੱਛੇ ਲਾਇਆ।
ਜੇਰੇ ਰੰਗੇ ਸੂਰਮੇਂ ਉਤਸ਼ਾਹ ਵਧਾਇਆ।
"ਗੁਰ ਮਾਰੀ" ਦਾ ਹੋ ਗਿਆ ਅਜ ਜਾਣ ਸਫਾਇਆ।

੨੦.


ਕੁਝ ਸਾਥੀ ਨੰਦੇੜ ਦੇ ਸਰਦਾਰ ਬਣਾ ਕੇ,
ਸਭ ਨੂੰ ਜੱਥੇ ਸੌਂਪ ਕੇ ਮੌਕੇ ਸਮਝਾ ਕੇ,
ਪੈਦਲ ਅੱਗੇ ਘੋੜਿਆਂ ਨੂੰ ਪਿੱਛੇ ਲਾ ਕੇ,
ਸੰਗਲ ਵਾਂਗ ਬਣਾ ਲਿਆ ਦਲ ਪਲ ਵਿਚ ਆ ਕੇ।
ਰੱਖੇ ਮੁਸ਼ਕਲ ਵਾਸਤੇ ਕੁਝ ਸਿੰਘ ਲੜਾਕੇ।

੨੧.


ਐਲੀ ਐਲੀ ਕਰਦਿਆਂ ਔਹ ਆ ਗਏ ਖਾਨ।
ਅੰਨ੍ਹੇ ਵਾਹ ਬੰਦੂਕਚੀ ਪਏ ਤੋੜੇ ਲਾਨ।
ਬੰਦਾ ਤੀਰ ਚਲਾ ਰਿਹਾ ਖਿੱਚ ਖਿੱਚ ਕਮਾਨ।
ਇਕ ਇਕ ਦਸ ਦਸ ਵਿੰਨ੍ਹਦਾ ਲਹਿੰਦੇ ਪਏ ਘਾਨ।
ਧੜ ਧੜ ਗੋਲੇ ਪੈ ਰਹੇ ਧਰਤੀ ਧਮਕਾਨ।
ਜੋ ਲੁਟਣ ਲਈ ਆਏ ਸਨ ਸੋਨੇ ਦੀ ਖਾਨ।
ਓਹਨਾਂ ਲੱਖਾਂ ਪਾ ਲਏ ਲੈ ਦੌੜੇ ਜਾਨ।
ਨੱਠੇ ਸੁੱਚਾ ਨੰਦੀਏ ਕਿ ਸਿੰਘ ਘਭਰਾਨ।

੪੦