ਪੰਨਾ:ਪੰਜਾਬ ਦੀਆਂ ਵਾਰਾਂ.pdf/71

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਚੜ੍ਹਿਆ ਆਨ ਅਟਾਰੀਓਂ ਔਹ ਦੇਸ-ਪਿਆਰ।
ਕੁਰਬਾਨੀ ਨੇ ਪਾਇਆ ਗਲ ਦੇ ਵਿਚ ਹਾਰ।
ਪਿੱਛੇ ਲੱਗੇ ਸੂਰਮੇ ਚੁਣਵੇਂ ਅਸਵਾਰ।
ਰਲਿਆ ਦਲ ਲਾਹੌਰ ਦਾ ਕਰ ਮਾਰੋ ਮਾਰ।
ਉਤਰੇ ਪੁਤਲੇ ਅਣਖ ਦੇ ਸਤਲੁਜ ਦੇ ਪਾਰ।
ਚਿਹਰੇ ਦਗਦੇ ਦੇਖ ਕੇ ਬੁੱਝੇ ਬਦਕਾਰ।
ਆਖਣ "ਇਹਨਾਂ ਕਿਸਤਰਾਂ ਖਾਣੀ ਹੈ ਹਾਰ"?

੪.


ਫੇਰੂ ਸ਼ਹਿਰੋਂ ਤਮਕਦੇ ਗੋਰੇ ਨਹੀਂ ਆਏ।
ਸਿੰਘਾਂ ਦੇ ਹੱਥ ਦੇਖ ਕੇ ਡਾਢੇ ਘਬਰਾਏ।
ਦਿੱਲੀਓਂ ਕੁਮਕ ਉਡੀਕਦੇ ਕਈ ਰੋਜ਼ ਲੰਘਾਏ।
ਸਿੰਘ ਚਾਹੁੰਦੇ ਨੇ ਏਧਰੋਂ ਹਮਲਾ ਹੋ ਜਾਏ।
ਪਰ ਸਿੰਘ, ਸਿੰਘ ਗੁਲਾਬ ਨੇ ਰੋਕੇ, ਅਟਕਾਏ।
ਟੁੱਕਰ ਪੈ ਗਏ ਓਸ ਨੂੰ ਦਲ ਕੌਣ ਚੜ੍ਹਾਏ?
ਓੜਕ ਖੂਬ ਤਿਆਰੀਆਂ ਕਰ ਗੋਰੇ ਧਾਏ।

੫.


ਓਧਰ ਅਫਸਰ ਕਈ ਖੜੇ, ਏਧਰ ਇੱਕੋ ਹੈ ਸਰਦਾਰ।
ਓਧਰ ਇਕ ਮੁੱਠ ਕੰਮਪਨੀ, ਏਧਰ ਪਾਟਾ ਹੈ ਦਰਬਾਰ।
ਓਧਰ ਸ਼ਾਹੀ ਦੀ ਹਵਸ ਹੈ, ਤੇ ਏਧਰ ਹੈ ਦੇਸ-ਪਿਆਰ।
ਓਹ ਮਰਹੱਟੇ ਰਜਪੂਤੜੇ ਦੇਸੀ ਵੀਰਾਂ ਨੂੰ ਖਾਨਾ ਚਾਹੁਣ।
ਇਹ ਸਿੰਘ ਪੰਜਾਬੀ ਕੌਮ ਲਈ ਪੁਰਜ਼ਾ ਪੁਰਜ਼ਾ ਹੋ ਜਾਨਾ ਚਾਹੁਣ।

੫੭