ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੱਥਾਂ ਵਿਚੋਂ ਦੇਵਣੇ ਨਹੀਂ ਹੱਕ-ਕਟੋਰੇ।
ਪ੍ਰੀਤੀ ਰੰਗਤ ਤੋਂ ਅਸੀਂ ਨਹੀਂ ਰਹਿਣਾ ਕੋਰੇ।
ਵੀਰਾਂ ਵਾਂਗ ਪੰਜਾਬ ਵਿਚ ਰਖਾਂਗੇ ਗੋਰੇ।"

੫.


ਸ਼ੇਰ ਸਿੰਘ ਨੇ ਪੜ੍ਹਦਿਆਂ ਹੈ ਨੀਵੀਂ ਪਾਈ:-
"ਸਾਢੇ ਤਿੰਨ ਸੌ ਸਾਲ ਦੀ ਰੁੜ੍ਹ ਗਈ ਕਮਾਈ।
ਹੋਂਦੀ ਨਹੀਂ ਹੱਕਦਾਰ ਦੀ ਹੁਣ ਤੇ ਸੁਣਵਾਈ।
ਸਾਨੂੰ ਮੂਰਖ ਆਖ ਕੇ ਛਾਂਟਣ ਦਾਨਾਈ।
ਦਿੱਤੇ ਤੋੜ ਵਿਛੜ ਨੇਂ ਸਾਡੇ ਹੀ ਭਾਈ।
ਛਲੀਆਂ ਪਲ ਵਿਚ ਕਰ ਲਿਆ ਪਰਬਤ ਨੂੰ ਰਾਈ।
ਬਾਲ ਦਲੀਪ ਨੂੰ ਚਾਹੁੰਦੇ ਕਰਨਾ ਈਸਾਈ।
ਚਾਹੁੰਦੇ ਮੇਰੀ *ਭੈਣ ਦੀ ਟੁੱਟੇ ਕੁੜਮਾਈ।
ਰੈਜ਼ੀਡੈਂਟ ਤਾਵਾਨ ਦੀ ਸਿਰ ਫੌਜ ਚੜ੍ਹਾਈ।
ਗਹਿਣੇ ਪਾ ਕਸ਼ਮੀਰ ਨੂੰ ਹੈ ਸ਼ਾਨ ਰੁਲਾਈ।
ਬਹਿ ਗਈ ਮੁੱਠਾਂ ਮੀਟ ਕੇ ਹੁਣ ਜਿੰਦਾਂ ਮਾਈ।
ਡੋਗਰਿਆਂ ਨੇ ਰਾਜ ਦੀ ਹੈ ਖੇਹ ਉਡਾਈ,
ਇਹਨਾਂ ਨਾਲ +ਸਰਕਾਰ ਨੇ ਕਿਉਂ ਯਾਰੀ ਲਾਈ?
ਗੰਢ ਨ ਦੰਦਾਂ ਤੋਂ ਖੁਲੀ ਜੋ ਹੱਥੀਂ ਪਾਈ।



*ਸਰਦਾਰ ਚਤਰ ਸਿੰਘ ਅਟਾਰੀ ਵਾਲੇ ਦੀ ਸਪੁਤਰੀ ਨਾਲ
ਮਹਾਰਾਜਾ ਦਲੀਪ ਸਿੰਘ ਦੀ ਕੁੜਮਾਈ ਹੋ ਚੁੱਕੀ ਸੀ।
+ਮਹਾਰਾਜਾ ਰਣਜੀਤ ਸਿੰਘ ਨੂੰ ਸਭੇ ਸਰਕਾਰ ਕਹਿੰਦੇ ਸਨ।

੬੩