ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋਨੋਂ ਗੋਲੇ ਦਾਗਦੇ ਰਣ ਅੰਦਰ ਡਟ ਕੇ।
ਦੋਹਾਂ ਦੇ ਦਿਲ ਚੋਂ ਗਏ ਤੋਪਾਂ ਦੇ ਖਟਕੇ।
ਪਾਟਣ ਜੁੱਸੇ ਇਸ ਤਰਾਂ ਜਿਉਂ ਫੁੱਟਣ ਮਟਕੇ।
ਦੋਵੇਂ ਅੱਗੇ ਵਧਣ ਤੋਂ ਜਾਂਦੇ ਨਹੀਂ ਹਟਕੇ।
ਗੁੱਥਮ ਗੁੱਥਾ ਹੋਂਦਿਆਂ ਤਲਵਾਰਾਂ ਪਟਕੇ।
ਆ ਗਏ ਕਾਲ ਭੁਚਾਲ ਦੇ ਹੱਦੋਂ ਵੱਧ ਝਟਕੇ।
ਸਿੰਘਾਂ ਸੂਤ ਸ੍ਰੋਹੀਆਂ ਕਰ ਸੁੱਟੇ ਝਟਕੇ।
ਮੌਤ ਹਾਰ ਦੇ ਵਿਚ ਆਣ ਅਜ ਗਰੇ ਲਟਕੇ,
ਕਿੱਦਾਂ ਅਣਖ-ਪਿਆਰਿਆਂ ਦੱਸੇ ਹੱਥ ਵਟ ਕੇ?

੧੩.


ਹੁਣ ਨਸ਼ਾ ਚੜਾਇਆ ਬੀਰਤਾ ਸਿੰਘ ਹੋ ਗਏ ਝੱਲੇ।
ਔਹ ਤੱਕੋ ਦੇਸ-ਦੁਲਾਰਿਆਂ ਦੇ ਡਾਢੇ ਹੱਲੇ।
ਅਜ ਚੜ੍ਹ ਕੇ ਕਿਹੜੀ ਕੰਪਨੀ ਸਿੰਘਾਂ ਨੂੰ ਠੱਲ੍ਹੇ?
ਔਹ ਘੋੜੇ ਉਪਰ ਹੋ ਰਹੇ ਤੇ ਗੋਰੇ ਥੱਲੇ।
ਅਜ ਸਿੰਘਾਂ ਦੀ ਤਲਵਾਰ ਨੂੰ ਯੂਰਪ ਕੀ ਝੱਲੇ?
ਅਜ ਗਫ ਹੋਰਾਂ ਦੀ ਅਕਲ ਦੇ ਝੜ ਗਏ ਜੇ ਪੱਲੇ।
ਅਜ ਪਿਛਲੇ ਜੰਗਾਂ ਦੀ ਤਰਾਂ ਨਹੀਂ ਚਾਲੇ ਚੱਲੇ।
ਔਹ ਥੋੜੇ ਗੋਰੇ ਕਾਲ ਨੇ ਵਾਪਸ ਹਨ ਘੱਲੇ।
ਔਹ ਕਹਿੰਦੀ ਰੂਹ ਰਣਜੀਤ ਦੀ "ਵਾਹ ਬੱਲੇ ਬੱਲੇ।"

੧੪.


ਸੂਰਜ ਘਟਦਾ ਹੀ ਗਿਆ ਵਧਦੇ ਗਏ ਸਾਏ।
ਡੁੱਬਾ ਸੂਰਜ ਆਸ ਦਾ ਗੋਰੇ ਘਬਰਾਏ।
ਦਿਲ ਟੁੱਟੇ ਲੱਕ ਝੌਂ ਗਏ ਸਿਰ ਨੀਵੇਂ ਪਾਏ।

੬੭