ਪੰਨਾ:ਪੰਜਾਬ ਦੀਆਂ ਵਾਰਾਂ.pdf/9

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਭੂਮਿਕਾ

ਜਦ ਕੋਈ ਪੰਜਾਬੀ ਵਿਚ ਅਜਿਹੀ ਕਵਿਤਾ ਲਿਖਦਾ ਹੈ ਜੋ ਨਿਰੀ ਸੰਗੀਤਕ ਯਾਂ ਅੰਦਰਮੁਖੀ ਨਾ ਹੋਵੇ ਤਾਂ ਮੈਨੂੰ ਕੁਝ ਤਸੱਲੀ ਹੁੰਦੀ ਹੈ। ਗਿਆਨੀ ਹਰਿੰਦਰ ਸਿੰਘ ਜੀ ਮੁਢ ਤੋਂ ਹੀ ਕੁਝ ਬਾਹਰਮੁਖੀ ਹਨ। ਇਨ੍ਹਾਂ ਲਈ 'ਮੇਰੇ ਤੇ ਤੇਰੇ’ ਤੋਂ ਬਾਹਰ ਕਾਫ਼ੀ ਹੋਰ ਦੁਨੀਆਂ ਵੱਸਦੀ ਹੈ। ਇਸ ਲਈ ਇਨ੍ਹਾਂ ਦੀ ਇਹ ਕੋਸ਼ਿਸ਼ ਰਹੀ ਹੈ ਕਿ ਕਵਿਤਾ ਵਿਚ ਆਪੇ ਤੋਂ ਛੁਟਕਾਰਾ ਪਾਇਆ ਜਾਵੇ। ਇਨ੍ਹਾਂ ਦੀਆਂ ਪਹਿਲੀਆਂ ਪੁਸਤਕਾਂ 'ਨਵੇਂ ਪੰਧ’ ਤੇ ‘ਡੂੰਘੇ ਵਹਿਣ’ ਵਿਚ ਵੀ ਇਹ ਰੁਚੀ ਪ੍ਰਗਟ ਸੀ। ਇਸ ਪੁਸਤਕ 'ਪੰਜਾਬ ਦੀਆਂ ਵਾਰਾਂ' ਵਿਚ ਇਸ ਬਾਹਰਮੁਖੀ ਰੁਚੀ ਨੂੰ ਇਤਿਹਾਸ ਦੀ ਮਦਦ ਮਿਲੀ ਹੈ। ਦੂਜੇ ਸ਼ਬਦਾਂ ਵਿਚ ਗਿਆਨੀ ਜੀ ਨੇ ਆਪਣੀ ਕਵਿ-ਬੁਧੀ ਦਾ ਰਿਸ਼ਤਾ ਪਰੰਪਰਾ ਨਾਲ ਜੋੜਿਆ ਹੈ ਤੇ ਮੈਂ ਇਸ ਜੋੜ ਨਾਲ ਸੰਤੁਸ਼ਟ ਹਾਂ।

ਕਵਿਤਾ ਦੇ ਰੂਪਕ ਪੱਖ ਤੋਂ ਵੀ ਇਹੋ ਗੱਲ ਸਿੱਧ ਹੈ। ਵਾਰ ਦਾ ਰੂਪ ਅਸਾਡੀ ਇਕ ਵਡਮੁੱਲੀ ਰੂੜੀ ਹੈ। ਇਹ ਉਹ ਰੂਪ ਹੈ ਜਿਸ ਵਿਚ ਅਸਾਡੇ ਵਡਿਆਂ ਨੇ ਹੀ ਰਾਂਝੇ ਦਾ ਪ੍ਰੇਮ ਤੇ ਦੁੱਲੇ ਭੱਟੀ ਦੀ ਸੂਰਮਗਤ ਗਾਈ, ਜਿਸ ਵਿਚ ਭਾਈ ਗੁਰਦਾਸ ਨੇ ਅਧਿਆਤਮਕ ਭੇਦਾਂ ਨੂੰ ਪ੍ਰਗਟ ਕੀਤਾ, ਜਿਸ ਰੂਪ ਵਿਚ 'ਚੰਡੀ ਦੀ ਵਾਰ’ ਤੇ ‘ਜੰਗਨਾਮਾ' ਲਿਖੇ ਗਏ। ਵਾਰਸ ਸ਼ਾਹ ਦੀ ਬੈਂਤ ਤੋਂ ਲੋਕ ਅੱਜ ਕਲ੍ਹ ਅੱਕੇ ਹੋਏ ਹਨ। ਸਮਾਂ ਆਵੇਗਾ ਜਦ ਬੈਂਤ ਵੀ ਆਪਣੇ ਨਵੇਂ ਅਵਤਾਰ ਵਿਚ ਪੰਜਾਬੀ ਦਿਲਾਂ ਨੂੰ ਹਰਨ ਆਵੇਗੀ। ਹੁਣ ਵਾਰ ਦਾ ਵੇਲਾ ਹੈ।