ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/101

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜੀਊਣਾ ਮੌੜ

ਪੰਜਾਬ ਦੀ ਧਰਤੀ ਸੂਰਬੀਰਾਂ, ਯੋਧਿਆਂ, ਸੰਤਾਂ ਅਤੇ ਗੁਰੂਆਂ ਦੀ ਧਰਤੀ ਹੈ, ਇਹ ਯੋਧੇ ਤੇ ਗੁਰੂ-ਪੀਰ ਪੰਜਾਬ ਦੇ ਲੋਕ ਮਾਨਸ ਨੂੰ ਸਦਾ ਟੁੱਭਦੇ ਰਹੇ ਹਨ। ਇਹ ਪੰਜਾਬ ਦੀ ਅਣਖ, ਗ਼ੈਰਤ ਅਤੇ ਸਵੈਮਾਨ ਦੇ ਪ੍ਰਤੀਕ ਹਨ, ਜਿਨ੍ਹਾਂ ਤੋਂ ਪੰਜਾਬੀ ਸਦਾ ਪ੍ਰੇਰਨਾ ਲੈਂਦੇ ਰਹੇ ਹਨ।

ਮਾਲਵੇ ਦਾ ਇਲਾਕਾ ਜਿਸ ਨੂੰ ਜੰਗਲ ਦਾ ਇਲਾਕਾ ਵੀ ਆਖਦੇ ਹਨ ਇਕ ਅਜਿਹਾ ਖਿੱਤਾ ਹੈ ਜਿਸ ਨੇ ਅਣਖ ਅਤੇ ਸਵੈਮਾਨ ਦੀ ਰਾਖੀ ਕਰਨ ਵਾਲ਼ੇ ਅਜਿਹੇ ਸੂਰਮੇ ਪੈਦਾ ਕੀਤੇ ਹਨ ਜੋ ਡਾਕੂਆਂ ਦੇ ਰੂਪ ਵਿੱਚ ਵਿਚਰਦੇ ਹੋਏ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹੇ ਹਨ ਅਤੇ ਅੱਜ ਵੀ ਪੰਜਾਬੀ ਉਨਾਂ ਦੀਆਂ ਵਾਰਾਂ ਗਾ ਕੇ ਅਥਾਹ ਖ਼ੁਸ਼ੀ ਪ੍ਰਾਪਤ ਕਰਦੇ ਹਨ। ਸੁੱਚਾ ਸਿੰਘ ਸੂਰਮਾ ਅਤੇ ਜੀਊਣਾ ਮੌੜ ਅਜਿਹੇ ਦੋ ਮਲਵਈ ਲੋਕ ਨਾਇਕ ਹਨ, ਜਿਨ੍ਹਾਂ ਦਾ ਨਾਂ ਸੁਣ ਕੇ ਪੰਜਾਬੀ ਗੱਭਰੂਆਂ ਦੇ ਡੌਲ਼ੇ ਫੇਰਕਣ ਲੱਗ ਜਾਂਦੇ ਹਨ ਅਤੇ ਅੱਖਾਂ ਵਿੱਚ ਅਨੁਠੀ ਚਮਕ ਡਲ੍ਹਕਾਂ ਮਾਰਨ ਲੱਗਦੀ ਹੈ।

ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜ ਦਾ ਜਮਪਲ ਸਧਾਰਨ ਜੱਟ ਪਰਿਵਾਰ ਦੇ ਖੜਗ ਸਿੰਘ ਦਾ ਪੁੱਤਰ ਜੀਊਣਾ ਬੜਾ ਸਾਉ ਤੇ ਨਿਮਰ ਨੌਜਵਾਨ ਸੀ ਜਿਸ ਨੂੰ ਸਮੇਂ ਦੀਆਂ ਪ੍ਰਸ਼ਥਿਤੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ।

ਗੱਲ ਇਸ ਤਰ੍ਹਾਂ ਹੋਈ ਇਕ ਦਿਨ ਆਥਣ ਵੇਲੇ ਜੀਊਣ ਸਿੰਘ, ਜਿਸ ਨੂੰ ਆਮ ਕਰਕੇ ਜੀਊਣਾ ਕਹਿ ਕੇ ਬੁਲਾਉਂਦੇ ਸਨ ਆਪਣੇ ਡੰਗਰਾਂ ਦੇ ਵਾੜੇ ਵਿੱਚ ਇਕੱਲਾ ਬੈਠਾ ਸੀ ਕਿ ਇਕ ਅੱਧਖੜ ਉਮਰ ਦਾ ਓਪਰਾ ਬੰਦਾ ਉਨ੍ਹਾਂ ਦੇ ਘਰ ਦਾ ਪਤਾ ਪੁੱਛਦਾ, ਪਛਾਉਂਦਾ ਉਹਦੇ ਕੋਲ ਆਇਆ! ਓਸ ਓਪਰੇ ਪੁਰਸ਼ ਦਾ ਆਦਰ-ਮਾਣ ਕਰਦਿਆਂ ਜੀਉਣੇ ਨੇ ਉਸ ਨੂੰ ਆਪਣੇ ਮੰਜੇ 'ਤੇ ਬਿਠਾ ਲਿਆ। ਓਪਰਾ ਬੰਦਾ ਆਖਣ ਲੱਗਾ, “ਭਤੀਜ ਮੈਂ ਕਾਲੇ ਪਾਣੀ ਤੋਂ ਆਇਆਂ ਤੇਰੇ ਵੱਡੇ ਭਾਈ ਕਿਸ਼ਨੇ ਕੋਲ਼ੋ। ਉਹਦਾ ਸੁਨੇਹਾ ਲੈ ਕੇ, ਸਿੱਧਾ ਥੋਡੇ ਕੋਲ਼ ਆਇਆਂ। ਫਿਰ ਆਪਣੇ ਪਿੰਡ ਜਾਊਂਗਾ। ਉਹਨੇ ਕਿਹੈ ਬਈ ਜੇ ਤੂੰ ਉਹਦਾ ਭਾਈ ਮੈਂ ਤੇ ਮਾਂ ਦਾ ਸੀਰ ਚੁੰਘਿਐ ਤਾਂ ਡਸਕੇ ਆਲ਼ੇ ਡੋਗਰ ਤੋਂ ਬਦਲਾ ਲੈ ਲੈ ਉਹਨੂੰ ਮਾਰਕੇ, ਜੀਹਨੇ ਤੇਰੇ ਭਰਾ ਕਿਸ਼ਨੇ ਨੂੰ ਧੋਖੇ ਨਾਲ ਪੁਲਿਸ ਨੂੰ ਫੜਾ ਕੇ, ਕਾਲ਼ੇ ਪਾਣੀ ਦੀ ਸਜ਼ਾ ਦੁਆਈ ਐ.....ਭਤੀਜ ਬੰਦਾ ਕਾਹਦੈ ਜੀਹਨੇ ਭਾਈ ਦਾ ਬਦਲਾ ਨੀ ਲਿਆ.....ਡੋਗਰ ਮੌਜਾਂ ਕਰਦੈ ਤੇ ਭਾਈ ਕਾਲ਼ੇ ਪਾਣੀ ਨਰਕ ਭੋਗਦੈ.....

ਪੰਜਾਬ ਦੇ ਲੋਕ ਨਾਇਕ/97