ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/105

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗਈ! ਜੀਊਣਾ ਅਜੇ ਆਇਆ ਨਹੀਂਂ ਸੀ ਇਕ ਬੁੱਢੀ ਨੱਸੀ-ਨੱਸੀ ਗਈ ਤੇ ਪਿੰਡੋਂ ਬਾਹਰ ਹੀ ਜੀਊਣੇ ਨੂੰ ਬਾਣੀਏ ਦੀ ਕਰਤੂਤ ਬਾਰੇ ਦੱਸ ਦਿੱਤਾ। ਉਹ ਉਸੇ ਪਲ ਪਿਛਾਂਹ ਮੁੜ ਗਿਆ। ਜਦੋਂ ਪੁਲਿਸ ਚਲੀ ਗਈ, ਜੀਊਣੇ ਨੇ ਆਕੇ ਕਾਂਸ਼ੀ ਰਾਮ ਦਾ ਖੂਬ ਬੜ੍ਹਾਂਗਾ ਕੀਤਾ। ਬਾਣੀਏਂ ਨੇ ਮਸੀਂ ਮਿੰਨਤਾਂ, ਤਰਲੇ ਕਰਕੇ ਆਪਣੀ ਜਾਨ ਬਖ਼ਸ਼ਾਈ ਤੇ ਅਗਾਂਹ ਤੋਂ ਬੇਈਮਾਨੀ ਕਰਨ ਤੋਂ ਤੋਬਾ ਕੀਤੀ।

ਸਾਉਣ ਦਾ ਮਹੀਨਾ ਸੀ। ਲੌਂਗੇਵਾਲ ਦੇ ਗੋਰੇ ਤੀਆਂ ਪੈ ਰਹੀਆਂ ਸਨ... ਜੀਊਣੇ ਮੌੜ ਦੀ ਟੋਲੀ ਓਥੇ ਆ ਪੁੱਜੀ। ਜੀਉਣੇ ਨੇ ਜ਼ਮੀਨ ਤੇ ਚਾਦਰਾ ਵਛਾ ਕੇ ਆਖਿਆ, “ਕੁੜੀਓ ਆਪਣੀਆਂ ਟੁੰਮਾਂ ਲਾਹ ਦੇ।" ਡਰਦੀਆਂ ਮਾਰੀਆਂ ਕੁੜੀਆਂ-ਬਹੂਆਂ ਆਪਣੀਆਂ ਟੂੰਮਾਂ ਲਾਹ-ਲਾਹ ਚਾਦਰੇ ’ਤੇ ਸੁੱਟੀ ਜਾਣ। ਉਹ ਚਾਦਰਾ ਵਲ੍ਹੇਟਣ ਹੀ ਲੱਗਾ ਸੀ ਕਿ ਇਕ ਕੁੜੀ ਹੌਸਲਾ ਕਰਕੇ ਬੋਲੀ, “ਵੇ ਵੀਰਿਆ ਮੇਰੇ ਤਾਂ ਸਹੁਰੇ ਬੜੇ ਅਵੈੜੇ ਐ ਉਹ ਤਾਂ ਮੇਰੇ ਹੱਡਾਂ 'ਚੋਂ ਟੂੰਮਾਂ ਕਢ ਲੈਣਗੇ। ਮੇਰੇ ਪਿਉਕੇ ਬੜੇ ਗ਼ਰੀਬ ਐ। ਉਨ੍ਹਾਂ ਮਸੀਂ ਮੇਰਾ ਵਿਆਹ ਕੀਤੈ ਜ਼ਮੀਨ ਧਰਕੇ। ਉਨ੍ਹਾਂ 'ਚ ਦੁਬਾਰਾ ਟੂੰਮਾਂ ਘੜਾਉਣ ਦੀ ਪਰੋਖੋਂ ਨੀ। ਵੇ ਵੀਰਾ ਮੈਂ ਤੇਰੀ ਭੈਣ ਵਰਗੀ ਆਂ!"

ਕੁੜੀ ਦਾ ਤਰਲਾ ਹੀ ਅਜਿਹਾ ਸੀ ਕਿ ਜੀਊਣੇ ਦਾ ਦਿਲ ਪਸੀਜ ਗਿਆ-ਉਹਨੇ ਝੱਟ ਚਾਦਰੇ ਦੀ ਗੰਢ ਖੋਲ੍ਹ ਦਿੱਤੀ ਤੇ ਆਖਿਆ, “ਕੁੜੀਓ ਲੈ ਜੇ ਆਪੋ ਆਪਣੀਆਂ ਟੂੰਮਾਂ।"

ਤੇ ਚਾਦਰਾ ਝਾੜ ਕੇ ਅਗਾਂਹ ਟੁਰ ਗਿਆ। ਇਸ ਘਟਨਾ ਤੋਂ ਮਗਰੋਂ ਉਹਨੇ ਆਪਣੇ ਸਾਥੀਆਂ ਨੂੰ ਤੀਆਂ ਲੁੱਟਣ ਤੋਂ ਸਦਾ ਲਈ ਵਰਜ ਦਿੱਤਾ।

ਇਕ ਦਿਨ ਰਾਹ ਜਾਂਦਿਆਂ ਜੀਊਣੇ ਨੂੰ ਭੁੱਖ ਲੱਗ ਗਈ। ਉਸ ਵੇਖਿਆ ਇਕ ਕੁੜੀ ਖੇਤ ਨੂੰ ਭੱਤਾ ਲਈ ਜਾਂਦੀ ਹੈ। ਉਹਨੇ ਕੁੜੀ ਨੂੰ ਰੋਕ ਕੇ ਆਖਿਆ, “ਭੈਣੇ ਰੋਟੀ ਖੁਆਏਂਗੀ?”

“ਆਹੋ ਵੀਰ” ਆਖ ਕੁੜੀ ਨੇ ਸਿਰ ਤੋਂ ਛਿੱਕੂ ਲਾਹ ਕੇ, ਲੱਸੀ ਦੀ ਝੱਕਰੀ ਧਰਤੀ ਤੇ ਰੱਖੀ ਤੇ ਪੋਣੇ 'ਚੋਂ ਦੋ ਮਿੱਸੀਆਂ ਰੋਟੀਆਂ ਕੱਢਕੇ, ਉੱਤੇ ਅੰਬ ਦੇ ਆਚਾਰ ਦੀ ਫਾੜੀ ਤੇ ਗੰਢਾ ਧਰਕੇ ਉਹਦੇ ਹੱਥ ਫੜਾ ਦਿੱਤੀਆਂ।

ਜੀਊਣੇ ਨੇ ਰੋਟੀ ਖਾ ਕੇ ਕੁੜੀ ਦੇ ਹੱਥ 25 ਰੁਪਏ ਰੱਖਕੇ ਉਹਦਾ ਸਿਰ ਪਲੋਸਿਆ ਤੇ ਅਗਾਂਹ ਟੁਰ ਗਿਆ।

ਕੁਝ ਦਿਨਾਂ ਮਗਰੋਂ ਜੀਊਣੇ ਮੌੜ ਨੇ ਦੌਲੇਆਲ ਪਿੰਡ ਵਿੱਚੋਂ ਇਕ ਵਧੀਆ ਨਸਲ ਦਾ ਘੋੜਾ ਜਾ ਖੋਲ੍ਹਿਆ। ਪਿਛਾੜੀ ਖਿੱਚੀ ਜਾਣ ਕਰਕੇ ਕਿੱਲਾ ਉਖੜਕੇ ਉਹਦੇ ਨੱਕ ਤੇ ਜਾ ਵੱਜਾ ਤੇ ਜ਼ਖ਼ਮ ਦਾ ਨਿਸ਼ਾਨ ਪੈ ਗਿਆ।

ਜੀਊਣੇ ਮੌੜ ਦੇ ਸਖੀਪਣੇ ਅਤੇ ਸੂਰਮਤਾਈ ਦੀਆਂ ਕਈ ਹੋਰ ਵੀ ਕਹਾਣੀਆਂ ਹਨ।

ਪੰਜਾਬ ਦੇ ਲੋਕ ਨਾਇਕ/101