ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/106

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਕ ਵਾਰ ਉਨ੍ਹਾਂ ਨੇ ਇਕ ਝੜੀ ਵਿੱਚ ਇਕ ਬਰਾਤ ਰੋਕ ਲਈ ਤੇ ਬਹੂ ਦੇ ਸਾਰੇ ਗਹਿਣੇ ਲੁਹਾ ਕੇ ਜਾਂਜੀਆਂ ਦੇ ਖੀਸੇ ਵੀ ਖ਼ਾਲੀ ਕਰਵਾ ਲਏ। ਉਹਦੇ ਨੱਕ ਦੇ ਨਿਸ਼ਾਨ ਤੋਂ ਜੱਟ ਨੇ ਪਛਾਣ ਲਿਆ ਬਈ ਇਹ ਤਾਂ ਜੀਊਣਾ ਮੌੜ ਐ। ਉਹਨੇ ਜੀਊਣੇ ਅੱਗੇ ਹੱਥ ਜੋੜ ਕੇ ਆਖਿਆ-

"ਭੋਇ ਧਰਕੇ ਇਕ ਮੁੰਡਾ ਵਿਆਹਿਆ
ਬਹੂ ਨੂੰ ਟੂਮ ਛੱਲਾ ਮੰਗ ਕੇ ਪਾਇਆ
ਵਾਸਤਾ ਈ ਰੱਬ ਦਾ ਤੂੰ ਸਾਡਾ ਜੱਟ ਭਾਈ
ਲੁੱਟ ਸ਼ਾਹੂਕਾਰਾਂ ਨੂੰ ਜਿਨ੍ਹਾਂ ਲੁੱਟ ਮਚਾਈ।”

(ਭਗਵਾਨ ਸਿੰਘ)

ਜੀਊਣੇ ਨੇ ਸਾਰਾ ਟੂਮ ਟੱਲਾ ਮੋੜ ਕੇ, ਪਲਿਓਂ ਹੋਰ ਹਜ਼ਾਰ ਰੁਪਿਆ ਪਾ ਕੇ ਬਰਾਤ ਅਗਾਂਹ ਤੋਰ ਦਿੱਤੀ।

ਜੀਊਣੇ ਮੌੜ ਦੀ ਸਾਰੇ ਇਲਾਕੇ ਵਿੱਚ ਦਹਿਸ਼ਤ ਹੀ ਐਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜੀਊਣਾ ਮੌੜ ਦੱਸ ਕੇ ਲੁੱਟਮਾਰ ਕਰਨ ਲੱਗ ਪਏ ਸਨ। ਇਕ ਵਾਰੀ ਇਕ ਬ੍ਰਾਹਮਣ ਆਪਣੀ ਧੀ ਨੂੰ ਸਹੁਰਿਆਂ ਤੋਂ ਲਈਂ ਆ ਰਿਹਾ ਸੀ। ਰਾਹ ਜੰਗਲ 'ਚੋਂ ਹੋ ਕੇ ਜਾਂਦਾ ਸੀ। ਜਦੋਂ ਉਹ ਜੰਗਲ 'ਚ ਵੜੇ ਅੱਗੋਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ। ਬ੍ਰਾਹਮਣ ਥਰ-ਥਰ ਕੰਬ ਰਿਹਾ ਸੀ ਅਤੇ ਕੁੜੀ ਦੀਆਂ ਲੇਰਾਂ ਨਿਕਲ ਰਹੀਆਂ ਸਨ। ਅਚਾਨਕ ਜੀਊਣਾ ਮੌੜ ਉਧਰੋਂ ਆ ਨਿਕਲਿਆ। ਉਸ ਨੇ ਆਉਂਦੇ ਸਾਰ ਹੀ ਬਦਮਾਸ਼ਾਂ ਨੂੰ ਲਲਕਾਰਾ ਮਾਰਿਆ।

“ਤੂੰ ਕੌਣ ਹੁਨੈ ਸਾਨੂੰ ਰੋਕਣ ਵਾਲ਼ਾ?” ਇਕ ਮਾੜਕੂ ਜਿਹਾ ਬਦਮਾਸ਼ ਬੋਲਿਆ।

“ਮੈਂ ਆਂ ਥੋਡੀ ਧੀ ਦਾ ਖਸਮ, ਥੋਡਾ ਜਮਾਈ ਜੀਊਣਾ ਮੌੜ।"

ਜੀਊਣਾ ਮੌੜ ਦਾ ਨਾਂ ਸੁਣਦੇ ਸਾਰ ਹੀ ਬਰਸਾਤੀ ਬਦਮਾਸ਼ਾਂ ਦੇ ਹੋਸ਼ ਉਡ ਗਏ। ਜੀਊਣੇ ਨੇ ਜੁੱਤੀਆਂ ਮਾਰ-ਮਾਰ ਉਨ੍ਹਾਂ ਨੂੰ ਭਜਾ ਦਿੱਤਾ ਅਤੇ ਮਗਰੋਂ ਆਪ ਜਾ ਕੇ ਬ੍ਰਾਹਮਣ ਤੇ ਉਹਦੀ ਧੀ ਨੂੰ ਉਹਦੇ ਘਰ ਛੱਡ ਕੇ ਆਇਆ।

ਬ੍ਰਾਹਮਣ ਜੀਊਣੇ ਮੌੜ ਨੂੰ ਅਸੀਸਾਂ ਦੇਂਦਾ ਨਹੀਂ ਸੀ ਥੱਕਦਾ!

ਕਹਿੰਦੇ ਨੇ ਸੰਗਰੂਰ ਕੋਲ ਇਕ ਪਿੰਡ ਗੋਡੀ ਕਰਦੇ ਇਕ ਗ਼ਰੀਬ ਜੱਟ ਕੋਲ ਉਹਦੀ ਮੁਟਿਆਰ ਧੀ ਰੋਟੀ ਲੈ ਕੇ ਆਈ। ਦੇਵਨੇਤ ਨਾਲ਼ ਘੁੰਮਦਾ ਘੁਮਾਉਂਦਾ ਜੀਊਣਾ ਮੌੜ ਵੀ ਉਥੇ ਆ ਗਿਆ। ਵਿਆਹੁਣ ਯੋਗ ਕੁੜੀ ਵੱਲ ਵੇਖ ਕੇ ਜੀਊਣੇ ਨੇ ਜੱਟ ਨੂੰ ਪੁੱਛਿਆ, “ਬਈ ਸਰਦਾਰਾ ਧੀ ਕਿਤੇ ਮੰਗੀ ਵਿਆਹੀ ਬੀ ਹੋਈ ਐ।”

ਜੱਟ ਨੇ ਮਸੋਸਿਆ ਜਿਹਾ ਮੂੰਹ ਕਰਕੇ ਕਿਹਾ, “ਜੀਊਣ ਸਿਆਂ, ਅਸੀਂ ਧੀ ਵਿਆਹੁਣ ਜੋਗੇ ਕਿੱਥੇ ਆਂ, ਮਸੀਂ ਗੁਜ਼ਾਰਾ ਤੁਰਦੈ-ਸਾਰੀ ਪੈਲੀ ਮਾਰੂ ਆ।"

ਜੀਊਣੇ ਮੌੜ ਨੇ ਉਸੇ ਵੇਲੇ ਆਪਣੇ ਲੱਕ ਨਾਲੋਂ ਖੋਲ੍ਹ ਕੇ ਸੌ-ਸੌ ਦੀਆਂ ਪੰਜ ਵਾਸਣੀਆਂ ਜੱਟ ਦੇ ਹਵਾਲੇ ਕਰਕੇ ਆਖਿਆ, “ਕਰ ਧੀ ਦਾ ਨਾਤਾ ਗੱਜ ਵੱਜ ਕੇ....ਦੇਖੀਂ ਕਿਤੇ ਕਿਸੇ ਹੋਰ ਪਾਸੇ ਵਰਤ ਲਏ।"

ਪੰਜਾਬ ਦੇ ਲੋਕ ਨਾਇਕ/102