ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਦੇ ਸਮੇਂ ਇਹ ਹਜ਼ਾਰਾਂ ਦੀ ਰਾਸ਼ੀ ਸੀ। ਜੱਟ ਜੀਊਣੇ ਮੌੜ ਦੀ ਸਖਾਵਤ ਦੇ ਬਾਰੇ ਬਾਰੇ ਜਾ ਰਿਹਾ ਸੀ।

ਹੋਰ ਵੀ ਅਨੇਕਾਂ ਕਿੱਸੇ ਜੀਊਣੇ ਮੌੜ ਦੇ ਨਾਂ ਨਾਲ਼ ਜੁੜੇ ਹੋਏ ਹਨ। ਉਸ ਦੀ ਬਹਾਦਰੀ, ਸੂਰਮਗਤੀ, ਦਰਿਆ ਦਿਲੀ ਅਤੇ ਸਖਾਵਤ ਦਾ ਜ਼ਿਕਰ ਲੋਕ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਵਿੱਚ ਕੀਤਾ ਹੈ—

ਜੀਊਣਾ ਮੌੜ ਸਾਧ ਗਊ ਗ਼ਰੀਬ ਦੀ ਕਰੇ ਸੇਵਾ,
ਖੱਬੀ ਖਾਨਾਂ ਦੀ ਅਲਖ ਮੁਕਾਉਂਦਾ ਜੀ।
ਜੇਹੜੇ ਬਾਦਸ਼ਾਹ ਦੇ ਘਰ ਕਰੇ ਚੋਰੀ,
ਪਰਚਾ ਛਾਪ ਕੇ ਪਹਿਲਾਂ ਲਗਾਉਂਦਾ ਜੀ।
ਸ਼ੀਹਣੀ ਮਾਂ ਨੇ ਜੰਮਿਆ ਸ਼ੇਰ ਜੀਉਣਾ,
ਨਹੀਂ ਲੁੱਕ ਕੇ ਵਕਤ ਲੰਘਾਉਂਦਾ ਜੀ।(ਭਗਵਾਨ ਸਿੰਘ)

ਜਿਸ ਮਕਸਦ ਲਈ ਜੀਊਣਾ ਡਾਕੂ ਬਣਿਆਂ ਸੀ ਉਹ ਅਜੇ ਪੂਰਾ ਨਹੀਂ ਸੀ ਹੋਇਆ। ਡੋਗਰ ਨੂੰ ਮਾਰਕੇ ਆਪਣੇ ਭਰਾ ਦਾ ਬਦਲਾ ਲੈਣ ਦਾ ਨਿਸ਼ਾਨਾ ਉਹਦੇ ਸਾਹਮਣੇ ਸੀ। ਨਿਸ਼ਾਨਾ ਪੂਰਾ ਹੋਣ 'ਤੇ ਹੀ ਉਹਦੇ ਕਲੇਜੇ ਠੰਢ ਪੈਣੀ ਸੀ।

ਇਕ ਦਿਨ ਘੋੜੀ 'ਤੇ ਸਵਾਰ ਹੋ ਕੇ ਜੀਊਣਾ ਮੌੜ ਅਹਿਮਦ ਡੋਗਰ ਦੇ ਪਿੰਡ ਡਸਕੇ ਜਾ ਪੁੱਜਾ। ਉਹਨੇ ਪਾਲੀ ਹੱਥ ਡੋਗਰ ਨੂੰ ਸੁਨੇਹਾ ਭੇਜਿਆ, "ਤੇਰਾ ਜਮਾਈ ਆਪਣੇ ਭਰਾ ਕਿਸ਼ਨੇ ਦਾ ਬਦਲਾ ਲੈਣ ਆਇਐ....ਤੈਂ ਮੇਰੇ ਭਾਈ ਨੂੰ ਧੋਖੇ ਨਾਲ਼ ਫੜਾਇਆ ਸੀ.....ਜੇ ਤੂੰ ਅਸਲੀ ਬਾਪ ਦਾ ਤੁਖਮ ਐਂ ਤਾਂ ਸਾਹਮਣੇ ਆ ਜਾ। ਪਾਜੀਆ ਫੇਰ ਨਾ ਆਖੀਂ।"

ਜੀਊਣੇ ਮੌੜ ਦਾ ਸੁਨੇਹਾ ਸੁਣਦੇ ਸਾਰ ਹੀ ਡੋਗਰ ਦੀਆਂ ਅੱਖਾਂ ਵਿੱਚ ਲਾਲ ਸੂਹੇ ਡੋਰੇ ਡਲ੍ਹਕ ਪਏ। ਉਹਨੇ ਕਾਰਤੂਸਾਂ ਦੀ ਪੇਟੀ ਆਪਣੇ ਮੋਢੇ ਨਾਲ਼ ਲਮਕਾਈ ਤੇ ਹੱਥ 'ਚ ਰਫ਼ਲ ਫੜ ਕੇ ਘੋੜੇ 'ਤੇ ਸਵਾਰ ਹੁੰਦਾ ਬੋਲਿਆ, "ਜਦੋਂ ਗਿੱਦੜ ਦੀ ਮੌਤ ਆਉਂਦੀ ਐ ਉਹ ਨਿਆਈਆਂ ਵੱਲ ਨੂੰ ਭਜਦੈ। ਅੱਜ ਵੱਡਾ ਸੂਰਮਾ ਜੀਊਣਾ ਮੇਰੇ ਕੋਲ਼ੋਂ ਬਚ ਕੇ ਨੀ ਜਾ ਸਕਦਾ।"

ਡੋਗਰ ਦੀ ਘਰ ਵਾਲ਼ੀ ਨੇ ਉਸ ਨੂੰ ਰੋਕਿਆ ਵੀ ਪਰ ਡੋਗਰ ਦੇ ਸਿਰ ਖ਼ੂਨ ਸਵਾਰ ਹੋਇਆ ਹੋਇਆ ਸੀ। ਉਹ ਪਿੰਡੋਂ ਬਾਹਰ ਮੈਦਾਨ ਵਿੱਚ ਜਾ ਪੁੱਜਾ ਜਿੱਥੇ ਖੜਾ ਜੀਊਣਾ ਮੌੜ ਖੌਰੂ ਪਾ ਰਿਹਾ ਸੀ।

ਜੀਊਣੇ ਨੇ ਡੋਗਰ ਨੂੰ ਲਲਕਾਰਿਆ, "ਡੋਗਰਾ ਮੈਂ ਤੇਰੇ ਅਰਗਾ ਪਾਜੀ ਨੀ। ਸੂਰਮਾ ਕਿਸੇ ਨੂੰ ਧੋਖੇ ਨਾਲ਼ ਨੀ ਮਾਰਦਾ। ਪਹਿਲਾ ਵਾਰ ਤੇਰੈ।"

ਡੋਗਰ ਨੇ ਪਹਿਲਾ ਫ਼ਾਇਰ ਕੀਤਾ। ਜੀਊਣੇ ਦੀ ਘੋੜੀ ਧਰਤੀ 'ਤੇ ਨਿਮ ਗਈ। ਗੋਲ਼ੀ ਉਪਰੋਂ ਲੰਘ ਗਈ। ਦੂਜਾ ਫ਼ਾਇਰ ਵੀ ਫੋਕਾ ਹੀ ਗਿਆ। ਜੀਊਣੇ ਮੌੜ ਨੇ

ਪੰਜਾਬ ਦੇ ਲੋਕ ਨਾਇਕ/103