ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਵਿਸ਼ੇਸ਼ ਸਾਧਨ ਰਿਹਾ ਹੈ। ਕਵੀਸ਼ਰ ਅਤੇ ਢੱਡ ਸਾਰੰਗੀ ਵਾਲ਼ੇ ਗੁਮੰਤਰੀ ਅਖਾੜੇ ਲਾ ਕੇ ਪੰਜਾਬੀ ਲੋਕ ਨਾਇਕਾਂ ਦੇ ਜੀਵਨ ਵੇਰਵਿਆਂ ਅਤੇ ਉਹਨਾਂ ਦੇ ਕਾਰਨਾਮਿਆਂ ਨੂੰ ਆਮ ਲੋਕਾਂ ਵਿੱਚ ਪੇਸ਼ ਕਰਕੇ ਉਹਨਾਂ ਲਈ ਮਨੋਰੰਜਨ ਹੀ ਪ੍ਰਦਾਨ ਨਹੀਂ ਸੀ ਕਰਦੇ ਬਲਕਿ ਉਹਨਾਂ ਵਿੱਚ ਭਾਈਚਾਰਕ ਅਤੇ ਸਦਾਚਾਰਕ ਕੀਮਤਾਂ ਦਾ ਸੰਚਾਰ ਵੀ ਕਰਦੇ ਸਨ। ਮੇਲੇ ਮਸ੍ਹਾਵਿਆਂ ਤੇ ਇਹ ਅਖਾੜੇ ਆਮ ਲੱਗਦੇ ਸਨ। ਲੋਕੀ ਹੁੰਮ ਹੁਮਾ ਕੇ ਇਹਨਾਂ ਕਵੀਸ਼ਰਾਂ ਅਤੇ ਗੁਮੰਤਰੀਆਂ ਦੇ ਗਾਉਣ ਸੁਣਨ ਜਾਂਦੇ ਸਨ ਪਰੰਤੂ ਅੱਜ ਕੱਲ੍ਹ ਇਹ ਅਖਾੜੇ ਲਾਉਣ ਦੀ ਪਰੰਪਰਾ ਸਮਾਪਤ ਹੋ ਗਈ ਹੈ। ਕਿੱਸੇ ਪੜ੍ਹਨ ਦਾ ਰਿਵਾਜ਼ ਵੀ ਖ਼ਤਮ ਹੋ ਗਿਆ ਹੈ। ਕਿੱਸਾ ਸਾਹਿਤ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ। ਪੰਜਾਬ ਦੀ ਨਵੀਂ ਪੀੜ੍ਹੀ ਆਪਣੀ ਮੁਲਵਾਨ ਵਰਾਸਤ ਤੋਂ ਅਵੇਸਲੀ ਹੋ ਰਹੀ ਹੈ, ਸਮੇਂ ਦੀ ਲੋੜ ਹੈ ਕਿ ਉਹਨਾਂ ਨੂੰ ਆਪਣੀ ਵਰਾਸਤ ਨਾਲ ਜੋੜਿਆ ਜਾਵੇ। ਪੰਜਾਬ ਦੇ ਲੋਕ ਨਾਇਕ ਪੰਜਾਬ ਦੇ ਲੋਕ ਵਿਰਸੇ ਦੇ ਅਣਵਿਧ ਮੋਤੀ ਹਨ। ਇਹਨਾਂ ਦਾ ਸਮਾਜ ਵਿਗਿਆਨ ਅਤੇ ਲੋਕਧਾਰਾਈ ਦ੍ਰਿਸ਼ਟੀ ਤੋਂ ਅਧਿਐਨ ਕਰਨਾ ਅਤਿਅੰਤ ਜ਼ਰੂਰੀ ਹੈ।

ਪਾਠਕਾਂ ਦੀ ਜਾਣਕਾਰੀ ਲਈ ਪੁਸਤਕ ਦੀ ਅੰਤਿਕਾ ਵਿੱਚ ਇਹਨਾਂ ਕਥਾਵਾਂ ਨਾਲ ਸੰਬੰਧਿਤ ਲੋਕ ਗੀਤ, ਕਿੱਸਾਕਾਰਾਂ ਦੀ ਸੂਚੀ ਅਤੇ ਪੁਸਤਕਾਂ ਦੀ ਸੂਚੀ ਵੀ ਦਿੱਤੀ ਜਾ ਰਹੀ ਹੈ।

ਮੈਂ ਤੇਜਿੰਦਰ ਬੀਰ ਸਿੰਘ ਲਾਹੌਰ ਬੁੱਕ ਸ਼ਾਪ ਲੁਧਿਆਣਾ ਦਾ ਦਿਲੀ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਦੇ ਭਰਪੂਰ ਉਤਸ਼ਾਹ ਸਦਕਾ ਇਹ ਪੁਸਤਕ ਪਾਠਕਾਂ ਦੇ ਰੂ-ਬਰੂ ਕਰ ਸਕਿਆਂ ਹਾਂ।

ਸੁਖਦੇਵ ਮਾਦਪੁਰੀ

ਜਨਵਰੀ 31, 2005

ਸਮਾਧੀ ਰੋਡ, ਖੰਨਾ

ਜ਼ਿਲ੍ਹਾ ਲੁਧਿਆਣਾ-141401

ਫ਼ੋਨ: 01628-224704

ਪੰਜਾਬ ਦੇ ਲੋਕ ਨਾਇਕ/7