ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੱਚਾ ਸਿੰਘ ਸੂਰਮਾ

ਸੁੱਚਾ ਸਿੰਘ ਸੂਰਮਾ ਪੰਜਾਬ ਦੇ ਮਾਲਵੇ ਦੇ ਇਲਾਕੇ ਦਾ ਪ੍ਰਸਿੱਧ ਡਾਕੂ ਹੋਇਆ ਹੈ ਜਿਸ ਨੂੰ ਹਾਲਾਤ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ ਸੀ। ਉਹ ਬੜਾ ਬਹਾਦਰ, ਨਿਰਭੈਅ, ਗਊ, ਗ਼ਰੀਬ ਦੀ ਰੱਖਿਆ ਕਰਨ ਵਾਲ਼ਾ ਅਤੇ ਅਣਖ-ਸਵੈਮਾਨ ਲਈ ਜਾਨ ਹੂਲਣ ਵਾਲ਼ਾ ਗੱਭਰੂ ਸੀ ਜਿਸ ਦੀਆਂ ਵਾਰਾਂ ਪੰਜਾਬੀ ਬੜੇ ਉਤਸ਼ਾਹ ਨਾਲ਼ ਗਾਉਂਦੇ ਹਨ:

ਵਿੱਚ ਸਮਾਹਾਂ ਦੇ ਜਨਮਿਆ ਸੁੱਚਾ ਸਿੰਘ ਜੁਆਨ
ਕੱਟ ਗਿਆ ਦਿਨ ਚਾਰ ਜੋ ਜਾਣੇ ਕੁੱਲ ਜਹਾਨ।

ਗੱਲ ਅੰਗਰੇਜ਼ਾਂ ਦੇ ਰਾਜ ਵੇਲ਼ੇ ਦੀ ਹੈ। ਰਿਆਸਤ ਪਟਿਆਲ਼ਾ ਦੇ ਪਿੰਡ ਸਮਾਂਹ (ਸਮਾਓਂ, ਜ਼ਿਲਾ ਮਾਨਸਾ) ਵਿੱਚ ਅਤਰ ਸਿੰਘ ਦੇ ਘਰ ਸੁੱਚੇ ਦਾ ਜਨਮ ਹੋਇਆ। ਬਚਪਨ ਵਿੱਚ ਹੀ ਉਹਦੇ ਮਾਂ-ਬਾਪ ਮਰ ਗਏ। ਉਹਦੇ ਵੱਡੇ ਭਰਾ ਨਰੈਣੇ ਨੇ ਉਹਦੀ ਪਾਲਣਾ ਪੋਸ਼ਣਾ ਕੀਤੀ। ਉਹ ਬਹੁਤ ਥੋੜ੍ਹੀ ਜ਼ਮੀਨ ਦੇ ਮਾਲਕ ਸਨ। ਗੁਜ਼ਾਰਾ ਬੜੀ ਮੁਸ਼ਕਲ ਨਾਲ਼ ਹੋ ਰਿਹਾ ਸੀ। ਰੁਲ਼ ਖੁਲ਼ ਕੇ ਪਲ਼ਦਾ ਸੁੱਚਾ ਜਵਾਨੀ ਦੀਆਂ ਬਰੂਹਾਂ 'ਤੇ ਪੁੱਜ ਗਿਆ....ਗੁੰਦਵਾਂ ਤੇ ਛਾਂਟਵਾਂ ਸਰੀਰ, ਚੋ-ਚੋ ਪੈਂਦਾ ਗੁਲਾਬੀ ਭਾਅ ਮਾਰਦਾ ਰੰਗ ਰਾਹ ਜਾਂਦਿਆਂ ਦੇ ਦਿਲ ਧੂਹ ਕੇ ਲੈ ਜਾਂਦਾ।

ਛੈਲ ਛਬੀਲਾ ਨਿਕਲਿਆ ਸੁੱਚਾ, ਭਰਿਆ ਨਾਲ਼ ਜਵਾਨੀ,
ਸੋਹਣਾ ਰੂਪ ਸੁੰਦਰ ਸੀ ਵਸਦਾ, ਨੈਣ ਭਰੇ ਮਸਤਾਨੀ,
ਨਿਕਲਿਆ ਬਾਂਕਾ ਸੂਰਮਾ ਸੁੱਚਾ,
ਪਿੰਡ ਵਿੱਚ ਨਹੀਂ ਕੋਈ ਸਾਨੀਂ,
ਹੱਥ ਵਿੱਚ ਖੁੰਡਾ ਮਾਝੇ ਵਾਲ਼ਾ,
ਦਿੱਸੇ ਬੜਾ ਸੁਹਾਨੀ,
ਸੁੱਚੇ ਸੂਰਮੇ ਦੀ,
ਕਰਾਂ ਕੀ ਸਿਫ਼ਤ ਜ਼ਬਾਨੀ।(ਗੁਰਮੁਖ ਸਿੰਘ ਬੇਦੀ)

ਸਮਾਂਹ ਵਿੱਚ ਘੁੱਕਰ ਨਾਂ ਦਾ ਵੈਲੀ ਪਹਿਲਵਾਨ ਸੀ ਜਿਸ ਦੀ ਸੁੱਚੇ ਨਾਲ਼ ਦੋਸਤੀ ਹੋ ਗਈ। ਦੋਨੋਂ ਇਕੱਠੇ ਕਸਰਤ ਕਰਦੇ, ਘੋਲ ਘੁਲਦੇ। ਘੁੱਕਰ ਨੇ ਸੁੱਚੇ ਨੂੰ ਆਪਣਾ ਪੱਗ-ਵੱਟ ਭਰਾ ਬਣਾ ਲਿਆ। ਉਹ ਅਕਸਰ ਸੁੱਚੇ ਦੇ ਘਰ ਆਉਣ ਲੱਗਾ। ਸੁੱਚੇ ਦੇ ਵੱਡੇ ਭਰਾ ਨਰੈਣੇ ਦੀ ਭਰ ਜੋਬਨ ਮੁਟਿਆਰ ਵਹੁਟੀ ਬੀਰੋ ਦੀ ਮਸ਼ਾਲ ਵਾਂਗ

ਪੰਜਾਬ ਦੇ ਲੋਕ ਨਾਇਕ/107