ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/114

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਘੁੱਕਰ ਮੱਲ ਨੂੰ ਗੋਲੀਆਂ ਨਾਲ਼ ਭੁੰਨ ਕੇ ਸੁੱਚੇ ਨੇ ਭਾਗ ਨੂੰ ਆ ਘੇਰਿਆ ਤੇ ਉਸ ਦੇ ਗੋਲੀ ਮਾਰ ਦਿੱਤੀ। ਇਸ ਮਗਰੋਂ ਉਹਨੇ ਘਰੋਂ ਜਾ ਕੇ ਬੀਰੋ ਨੂੰ ਧੂਹ ਲਿਆਂਦਾ ਤੇ ਦੋਹਾਂ ਲੋਥਾਂ ਕੋਲ਼ ਲਿਆ ਕੇ ਉਹਨੂੰ ਵੀ ਪਾਰ ਬੁਲਾ ਦਿੱਤਾ। ਤਿੰਨਾਂ ਨੂੰ ਮਾਰਨ ਮਗਰੋਂ ਸੁੱਚਾ ਬੱਕਰੇ ਬੁਲਾਉਂਦਾ ਹੋਇਆ ਬੋਤੇ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਸਾਰੇ ਇਲਾਕੇ ਵਿੱਚ ‘ਸੁੱਚਾ’ ‘ਸੁੱਚਾ’ ਹੋਣ ਲੱਗੀ। ਇਕ ਪਠਾਣ ਉਹਦਾ ਪਿੱਛਾ ਕਰਦਾ ਹੋਇਆ ਆਪਣੀ ਜਾਨ ਗੰਵਾ ਬੈਠਾ। ਪੁਲੀਸ ਦੇ ਉਹ ਹੱਥ ਨਾ ਲੱਗਾ ਤੇ ਬੀਕਾਨੇਰ ਦੇ ਇਲਾਕੇ ਵਿੱਚ ਡਾਕੂਆਂ ਨਾਲ ਜਾ ਰਲ਼ਿਆ। ਡਾਕੂ ਦੇ ਰੂਪ ਵਿੱਚ ਉਹਦੀ ਧਾਂਕ ਪੈ ਗਈ। ਕਈ ਰੱਜੇ ਪੁੱਜੇ ਸੂਦਖੋਰ ਸ਼ਾਹੂਕਾਰ ਉਹਨੇ ਲੁੱਟੇ। ਉਹ ਗ਼ਰੀਬ ਦਾ ਦਰਦੀ ਸੀ, ਲੁੱਟ ਦਾ ਮਾਲ ਉਹ ਗ਼ਰੀਬਾਂ ਵਿੱਚ ਵੰਡ ਦਿੰਦਾ। ਉਹਦੀ ਬਹਾਦਰੀ ਦੀਆਂ ਧੁੰਮਾਂ ਪਈਆਂ ਹੋਈਆਂ ਸਨ ਜਿਸ ਕਰਕੇ ਪੁਲੀਸ ਉਹਦੇ ਨਾਲ਼ ਟਾਕਰਾ ਕਰਨੋਂ ਕੰਨੀ ਕਤਰਾਉਂਦੀ ਸੀ। ਉਹ ਆਮ ਲੋਕਾਂ ਦੇ ਘਰੀਂ ਜਾ ਲੁਕਦਾ। ਇਕ ਦਿਨ ਉਹਨੇ ਇਕ ਮਾਈ ਦੇ ਆਖਣ ’ਤੇ ਪੰਜ ਬੁੱਚੜਾਂ ਨੂੰ ਮਾਰ ਕੇ ਕਈ ਗਊਆਂ ਦੀ ਜਾਨ ਬਚਾਈ। ਸਾਰੇ ਇਲਾਕੇ ਵਿੱਚ ਸੁੱਚੇ ਦੀ ਬੱਲੇ ਬੱਲੇ ਸੀ। ਉਹ ਲੁਕਵੇਂ ਰੂਪ ਵਿੱਚ ਆਪਣੇ ਇਲਾਕੇ ਵਿੱਚ ਗੇੜਾ ਮਾਰਦਾ। ਇਕ ਦਿਨ ਉਹਦੇ ਚਾਚੇ ਦੇ ਪੁੱਤ ਬਸੰਤ ਨੇ ਜੋ ਗਹਿਰੀ ਦਾ ਰਹਿਣ ਵਾਲ਼ਾ ਸੀ, ਸੁੱਚੇ ਅੱਗੇ ਆ ਦੁੱਖ ਹੋਇਆ ਕਿ ਉਹਦੀ ਚਾਚੀ ਰਾਜੋ ਉਸੇ ਪਿੰਡ ਦੇ ਇਕ ਵੈਲੀ ਜੱਟ ਗੱਜਣ ਨੇ ਧੱਕੇ ਨਾਲ ਸਾਂਭੀ ਹੋਈ ਹੈ। ਗਹਿਰੀ ਜਾ ਕੇ ਸੁੱਚੇ ਨੇ ਖੇਤਾਂ ਵਿੱਚ ਹਾੜੀ ਵੱਢਦੇ ਗੱਜਣ ਨੂੰ ਜਾ ਗੋਲੀ ਮਾਰੀ ਤੇ ਮਗਰੋਂ ਰਾਜੋ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ।

ਅਣਖੀਲੇ ਸੂਰਮੇ ਸੁੱਚਾ ਸਿੰਘ ਦੀ ਬਹਾਦਰੀ ਦੇ ਚਰਚੇ ਸਾਰੇ ਇਲਾਕੇ ਵਿੱਚ ਹੋ ਰਹੇ ਸਨ। ਨਮੋਸ਼ੀ ਦੀ ਮਾਰੀ ਪੁਲੀਸ ਉਸ ਨੂੰ ਫੜਨੋਂ ਅਸਮਰਥ ਸੀ। ਸਰਕਾਰ ਨੇ ਮਦ ਨੂੰ ਫੜਾਉਣ ਲਈ ਇਨਾਮ ਵੀ ਐਲਾਨਿਆ ਹੋਇਆ ਸੀ।

ਲਾਲਚ ਮਿੱਤਰਾਂ ਨੂੰ ਡੁਲ੍ਹਾ ਦਿੰਦਾ ਹੈ। ਆਖ਼ਰ ਇਕ ਦਿਨ ਲਾਲਚ-ਵਸ ਸੱਚ ਦੇ ਮਿੱਤਰ ਮਹਾਂ ਸਿੰਘ ਨੇ, ਜਦੋਂ ਉਹ ਸੰਗਤਪੁਰੇ ਉਹਦੇ ਘਰ ਸੁੱਤਾ ਹੋਇਆ ਸੀ, ਪੁਲੀਸ ਨੂੰ ਬੁਲਾ ਕੇ ਉਹਨੂੰ ਫੜਾ ਦਿੱਤਾ। ਨਿਹੱਥਾ ਸੂਰਮਾ ਕਚੀਚੀਆਂ ਵੱਟਦਾ ਰਹਿ ਗਿਆ।

ਮੁਕੱਦਮਾ ਚੱਲਿਆ। ਪਟਿਆਲ਼ੇ ਦੇ ਰਾਜੇ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣ ਦਿੱਤੀ। ਪੰਜਾਬ ਦਾ ਅਣਖੀਲਾ ਗੱਭਰੂ ਹੱਸਦਾ ਹੱਸਦਾ ਫਾਂਸੀ 'ਤੇ ਲਟਕ ਗਿਆ ਤੇ ਲੋਕ-ਕਵੀਆਂ ਨੇ ਇਸ ਸੂਰਮੇਂ ਦੀ ਜੀਵਨ ਕਹਾਣੀ ਨੂੰ ਕਿੱਸਿਆਂ ਦੇ ਰੂਪ ਵਿੱਚ ਸਾਂਭ ਲਿਆ। ਰੀਠਾ ਦੀਨ, ਰਜਬ ਅਲੀ, ਗੁਰਮੁਖ ਸਿੰਘ ਬੇਦੀ, ਸ਼ਿਆਮ ਸਿੰਘ ਤੇ ਛੱਜੂ ਸਿੰਘ ਨੇ ਸੁੱਚਾ ਸਿੰਘ ਸੂਰਮੇਂ ਬਾਰੇ ਕਿੱਸੇ ਰਚੇ ਹਨ ਜਿੰਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਲੋਕ ਬੜੇ ਚਾਵਾਂ ਨਾਲ਼ ਪੜ ਕੇ ਆਨੰਦ ਮਾਣਦੇ ਹਨ ਅਤੇ ਅਣਖੀ ਸੂਰਮੇਂ ਨੂੰ ਸੈਆਂ ਸਲਾਮਾਂ ਕਰਦੇ ਹਨ।

ਪੰਜਾਬ ਦੇ ਲੋਕ ਨਾਇਕ/110