ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/115

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗੁੱਗਾ ਜ਼ਾਹਰ ਪੀਰ

ਭਾਦੋਂ ਦੀ ਰੁੱਤੇ ਗੁੱਗਾ ਭਗਤ ਡੌਰੂ ਖੜਕਾਉਂਦੇ, ਸਾਰੰਗੀਆਂ ਵਜਾਉਂਦੇ ਪੰਜਾਬ ਦੇ ਹਰ ਪਿੰਡ ਵਿੱਚ ਫਿਰਦੇ ਨਜ਼ਰੀਂ ਆਉਂਦੇ ਹਨ। ਇਹ ਗੁੱਗਾ ਪੀਰ ਦੀ ਕਥਾ ਨੂੰ ਗਾ ਗਾ ਖ਼ੈਰ ਮੰਗਦੇ ਹਨ। ਔਰਤਾਂ ਖੁੱਲ੍ਹੇ ਦਿਲ ਨਾਲ਼ ਗੁੱਗੇ ਪੀਰ ਦੇ ਨਾਂ ਤੇ ਖ਼ੈਰਾਤ ਪਾਉਂਦੀਆਂ ਹਨ।

ਪੰਜਾਬ ਦੇ ਹਰ ਪੰਜਾਂ-ਸੱਤਾਂ ਪਿੰਡਾਂ ਵਿੱਚ ਗੁੱਗੇ ਦਾ ਇਕ ਅੱਧ ਮੰਦਰ, ਜਿਸ ਨੂੰ ਗੁੱਗੇ ਦੀ ਮਾੜੀ ਆਖਿਆ ਜਾਂਦਾ ਹੈ, ਜ਼ਰੂਰ ਮਿਲ ਜਾਵੇਗਾ। ਹਰ ਮਾੜੀ ਦਾ ਇਕ ਭਗਤ ਹੋਇਆ ਕਰਦਾ ਹੈ। ਇਹ ਭਗਤ ਸੱਪ ਦੇ ਡੱਸੇ ਹੋਏ ਪੁਰਸ਼ਾਂ ਦਾ ਇਲਾਜ ਗੁੱਗੇ ਦੇ ਮੰਤਰਾਂ ਨਾਲ ਕਰਦਾ ਹੈ। ਕਈ ਭਗਤ ਤਾਂ ਸੱਪਾਂ ਦੀਆਂ ਜ਼ਹਿਰਾਂ ਵੀ ਚੂਸ ਲੈਂਦੇ ਹਨ। ਇਹ ਭਗਤੀ ਪੀੜੀਓਂ-ਪੀੜ੍ਹੀ ਚਲੀ ਆਉਂਦੀ ਹੈ।

ਜਨਮ-ਅਸ਼ਟਮੀ ਤੋਂ ਅਗਲੇ ਦਿਨ ਭਾਦੋਂ ਦੀ ਨੌਵੀਂ ਨੂੰ ਗੁੱਗੇ ਦੀ ਪੂਜਾ ਹੁੰਦੀ ਹੈ। ਮਾੜੀਆਂ ਉਤੇ ਮੇਲੇ ਲੱਗਦੇ ਹਨ। ਇਸ ਦਿਨ ਔਰਤਾਂ ਸੇਵੀਆਂ ਰਿੰਨ੍ਹਦੀਆਂ ਹਨ ਤੇ ਦੁੱਧ ਸੱਪਾਂ ਦੀਆਂ ਬਿਰਮੀਆਂ ਵਿੱਚ ਪਾਉਂਦੀਆਂ ਹਨ। ਜਦੋਂ ਸੁਆਣੀਆਂ ਇਕੱਠੀਆਂ ਹੋ ਕੇ ਗੁੱਗੇ ਦੀ ਮਾੜੀ ਤੇ ਮੱਥਾ ਟੇਕਣ ਲਈ ਜਾਂਦੀਆਂ ਹਨ ਤਦੋਂ ਨਜ਼ਾਰਾ ਵੇਖਣ ਯੋਗ ਹੁੰਦਾ ਹੈ। ਹੱਥਾਂ ਵਿੱਚ ਸੇਵੀਆਂ ਦੀਆਂ ਥਾਲੀਆਂ, ਜਿਨ੍ਹਾਂ ਉਤੇ ਆਟੇ ਦੇ ਗੰਡਗੰਡੋਏ ਤੇ ਦੀਵੇ ਆਦਿ ਰੱਖੇ ਹੁੰਦੇ ਹਨ, ਫੜੀ ਗੁੱਗੇ ਦੀ ਉਸਤਤੀ ਦੇ ਗੀਤ ਗਾਂਦੀਆਂ, ਵਰ ਮੰਗਦੀਆਂ, ਮੇਲੇ ਵਿੱਚ ਪੁੱਜ ਜਾਂਦੀਆਂ ਹਨ।

ਜਨਮ-ਅਸ਼ਟਮੀ ਦੀ ਸ਼ਾਮ ਨੂੰ ਗੁੱਗੇ ਦੀ ਚੌਂਕੀ ਭਰਨ ਦਾ ਰਿਵਾਜ ਹੈ। ਆਲ਼ੇ-ਦੁਆਲ਼ੇ ਦੇ ਪਿੰਡਾਂ ਦੇ ਲੋਕ ਪਸ਼ੂਆਂ ਸਮੇਤ ਮਾੜੀ ਤੇ ਪੁੱਜ ਜਾਂਦੇ ਹਨ। ਜਦ ਮਾੜੀ ਦੇ ਦਲਾਨ ਵਿੱਚ ਸਾਰੇ ਬੈਠ ਜਾਂਦੇ ਹਨ ਤਦ ਗਵੱਯੇ ਪੀਰ ਗੁੱਗੇ ਦੀ ਉਸਤਤੀ ਵਿੱਚ ਗਾਣਾ ਆਰੰਭ ਦਿੰਦੇ ਹਨ। ਗਾਣਾ ਸੁਣ ਮਾੜੀ ਦੇ ਭਗਤ ਨੂੰ ਜੋਸ਼ ਆ ਜਾਂਦਾ ਹੈ, ਇਸ ਉਤੇ ਲੋਕੀਂ ਉਹਦੇ ਕੱਪੜੇ ਉਤਾਰ ਦਿੰਦੇ ਹਨ ਤੇ ਉਹ ਲੋਹੇ ਦੀਆਂ ਛੜੀਆਂ ਨਾਲ ਆਪਣੇ ਜਿਸਮ ਨੂੰ ਮਾਰਨਾ ਸ਼ੁਰੂ ਕਰ ਦੇਂਦਾ ਹੈ। ਛੜੀਆਂ ਕਈ ਵਾਰ ਉਸ ਦੀ ਪਿਠ 'ਚੋਂ ਲਹੂ ਸਮਾ ਦੇਂਦੀਆਂ ਹਨ ਤੇ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ। ਦੋ-ਤਿੰਨ ਪੁਰਸ਼ ਉਹਦੀ ਤੇਲ ਨਾਲ ਮਾਲਸ਼ ਕਰਦੇ ਹਨ। ਇਸ ਸਮੇਂ ਗਵੱਯੇ ਆਪਣਾ ਗਾਉਣਾ ਬੰਦ ਕਰ ਦੇਂਦੇ ਹਨ। ਕੁਝ ਸਮੇਂ ਮਗਰੋਂ ਉਹਨੂੰ ਮੁੜ ਸੁਰਤ ਆ ਜਾਂਦੀ ਹੈ। ਇਸ ਤੇ ਸਾਰੇ ਦਰਸ਼ਕ ਉਹਨੂੰ ਮੱਥਾ ਟੇਕਦੇ ਹਨ ਤੇ ਭਗਤ ਸਾਰਿਆਂ, ਖ਼ਾਸ ਕਰਕੇ ਔਰਤਾਂ ਉੱਤੇ, ਪਾਣੀ ਦੇ ਛਿੱਟੇ ਮਾਰਦਾ ਹੈ। ਇਸ ਮਗਰੋਂ ਪਤਾਸ਼ਿਆਂ ਦਾ ਪ੍ਰਸ਼ਾਦ ਵੰਡਿਆ

ਪੰਜਾਬ ਦੇ ਲੋਕ ਨਾਇਕ/111