ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਂਦਾ ਹੈ। ਬਹੁਤ ਸਾਰੇ ਘਰਾਂ ਨੂੰ ਪਰਤ ਆਉਂਦੇ ਹਨ, ਬਹੁਤੇ ਉੱਥੇ ਹੀ ਸਾਰੀ ਰਾਤ ਜਗਰਾਤਾ ਕਰਦੇ ਹਨ। ਵਿੱਦਿਆ ਦੇ ਕਾਰਨ ਇਹ ਚੌਂਕੀ ਭਰਨ ਦਾ ਰਿਵਾਜ ਅੱਜ-ਕਲ੍ਹ ਕਾਫ਼ੀ ਘੱਟ ਰਿਹਾ ਹੈ।

ਗੁੱਗੇ ਦੀ ਸੰਖੇਪ ਜਹੀ ਕਥਾ ਇਸ ਪ੍ਰਕਾਰ ਹੈ:——

ਬੀਕਾਨੇਰ ਦੇ ਇਕ ਨਗਰ ਵਿੱਚ ਰਾਜਾ ਜੈਮਲ ਦੇ ਘਰ ਗੋਰਖ ਨਾਥ ਦੇ ਵਰ ਨਾਲ਼ ਰਾਣੀ ਬਾਛਲ ਦੀ ਕੁਖ਼ੋਂ ਗੁੱਗੇ ਦਾ ਜਨਮ ਹੋਇਆ। ਉਹ ਚੌਹਾਨ ਰਾਜਪੂਤ ਸੀ। ਵੱਡਿਆਂ ਹੋ ਕੇ ਉਹਦੀ ਲੜਾਈ ਆਪਣੀ ਮਾਸੀ ਕਾਬਲ ਦੇ ਪੁੱਤਾਂ ਸੁਰਜਨ ਅਤੇ ਅਰਜਨ ਨਾਲ਼ ਹੋ ਪਈ। ਝਗੜਾ ਵਿਆਹ ਦਾ ਸੀ। ਗੁੱਗਾ ਸਲੀਅਰ ਨੂੰ ਵਿਆਹੁਣਾ ਚਾਹੁੰਦਾ ਸੀ ਪਰ ਉਹ ਆਪ ਇਸੇ ਨਾਲ਼ ਸ਼ਾਦੀ ਕਰਨਾ ਲੋਚਦੇ ਸਨ। ਝਗੜੇ ਵਿੱਚ ਗੁੱਗੇ ਨੇ ਆਪਣੇ ਦੋਹਾਂ ਮਾਸੀ ਦੇ ਪੁੱਤਰਾਂ ਨੂੰ ਮਾਰ ਦਿੱਤਾ। ਏਸ ਗੱਲ ਦਾ ਪਤਾ ਉਹਦੀ ਮਾਤਾ ਬਾਛਲ ਨੂੰ ਲੱਗਿਆ। ਉਹਨੇ ਆਖਿਆ ਕਿ ਉਹ ਉਹਦੇ ਮੱਥੇ ਨਾ ਲੱਗੇ। ਇਸ ਗੱਲ ਦਾ ਗੁੱਗੇ ਤੇ ਕਾਫ਼ੀ ਅਸਰ ਹੋਇਆ। ਉਹਨੇ ਧਰਤੀ ਮਾਤਾ ਨੂੰ ਆਖਿਆ ਕਿ ਉਹਨੂੰ ਧਰਤ ਵਿੱਚ ਸਮਾ ਲਵੇ। ਉਹ ਹਿੰਦੂ ਸੀ। ਧਰਤੀ ਮਾਤਾ ਨੇ ਆਖਿਆ ਕਿ ਉਹ ਤਾਂ ਮੁਸਲਮਾਨਾਂ ਨੂੰ ਹੀ ਥਾਂ ਦੇ ਸਕਦੀ ਹੈ। ਏਸ ਤੇ ਗੁੱਗਾ ਇਕ ਹਾਜੀ ਪਾਸੋਂ ਕਲਮਾ ਪੜ੍ਹ ਕੇ ਮੁਸਲਮਾਨ ਹੋ ਗਿਆ ਤੇ ਧਰਤੀ ਮਾਤਾ ਨੇ ਉਹਨੂੰ ਘੋੜੇ ਸਮੇਤ ਆਪਣੀ ਗੋਦੀ ਵਿੱਚ ਸਮਾ ਲਿਆ।

ਪੰਜਾਬ ਦਾ ਇਕ ਲੰਬਾ ਲੋਕ-ਗੀਤ ਗੁੱਗੇ ਦੀ ਕਥਾ ਇਸ ਤਰ੍ਹਾਂ ਬਿਆਨ ਕਰਦਾ ਹੈ:——

ਸਲਾਮਾਂ ਮੇਰੀਆਂ ਸਲਾਮਾਂ ਮੇਰੀਆਂ,
ਇਕ ਸਲਾਮਾਂ ਮੇਰੀਆਂ ਦੋਏ ਸਲਾਮਾਂ
ਗੁਰੂ ਗੋਰਖਾ ਪੈਦਾ ਓ ਕਰਦਿਆ
ਸਾਨੂੰ ਵੀ ਦਿਓ ਔਲਾਦ।

ਐਸ ਵੇਲੇ ਤਾਂ ਵਰ ਨਹੀਂ ਬੀਬੀ ਬਾਛਲੇ
ਕਲ੍ਹ ਤਾਂ ਲੈ ਜਾਈਂ ਔਲਾਦ।

ਦੌੜੀ ਦੌੜੀ ਬਾਛਲ ਕਾਸ਼ਲ ਕੋਲ਼ ਆਈ,
ਭੈਣੇ ਨੀ ਕਾਸ਼ਲੇ ਭਲ਼ਕ ਤਾਂ ਮਿਲ਼ ਜਾਊ ਔਲਾਦ।

ਦੌੜੀ ਦੌੜੀ ਕਾਸ਼ਲ ਬਾਛਲ ਕੋਲ਼ ਆਈ,
ਭੈਣੇ ਨੀ ਬਾਛਲੇ ਮੈਨੂੰ ਜੋੜਾ ਤਾਂ ਦਈਂ ਹੁਦਾਰ,
ਮੈਂ ਜਾਣਾ ਬਾਬਲ ਵਾਲੇ ਦੇਸ਼ ਨੀ
ਮੈਨੂੰ ਆਈ ਏ ਮੰਦੜੀ ਵਾਜ਼।

ਪੰਜਾਬ ਦੇ ਲੋਕ ਨਾਇਕ/112