ਜਦੋਂ ਉਹ ਝਨਾਂ ਦੇ ਤ੍ਰਿਮੂੰ ਨਾਮੀ ਪੱਤਣ 'ਤੇ ਪੁੱਜਾ ਉਹ ਥੱਕ ਕੇ ਚੂਰ ਹੋ ਚੁੱਕਿਆ ਸੀ। ਉਰਲੇ ਕੰਢੇ ਤੋਂ ਪਾਰਲੇ ਕੰਢੇ ਵੱਲ ਬੇੜੀ ਤੈਰਦੀ ਜਾ ਰਹੀ ਸੀ। ਉਸ ਆਲੇ- ਦੁਆਲ਼ੇ ਨਜ਼ਰ ਮਾਰੀ, ਇਕ ਬੇੜੀ ਵਿੱਚ ਬੜਾ ਸਜੀਲਾ ਪਲੰਘ ਪਿਆ ਸੀ। ਉਹ ਮੁੜਦੀ ਬੇੜੀ ਦੀ ਉਡੀਕ ਕਰਨ ਲਈ ਉਸ ਸਜੀਲੇ ਪਲੰਘ ਤੇ ਇਕ ਪਲ ਲਈ ਬੈਠ ਗਿਆ। ਪਰੰਤੂ ਉਹਦੇ ਉੱਥੇ ਬੈਠਣ ਦੀ ਦੇਰ ਸੀ ਕਿ ਉਹਨੂੰ ਨੀਂਦ ਨੇ ਜ਼ੋਰ ਪਾ ਲਿਆ ਤੇ ਉਹ ਉੱਥੇ ਹੀ ਆਪਣੇ ਉੱਤੇ ਚਾਦਰ ਤਾਣ ਕੇ ਸੌਂ ਗਿਆ।
ਪੱਤਣ ਦਾ ਮਲਾਹ ਲੁੱਡਣ ਪਾਰਲੇ ਕੰਢੇ ਤੋਂ ਬੇੜੀ ਮੋੜ ਲਿਆਇਆ। ਉਹਨੂੰ ਇਹ ਨਹੀਂ ਸੀ ਪਤਾ ਕਿ ਕੋਈ ਸਜੀਲੇ ਪਲੰਘ 'ਤੇ ਸੁੱਤਾ ਪਿਆ ਹੈ। ਉਹ ਕੰਢੇ ਤੇ ਬੈਠ ਕੇ ਹੁੱਕਾ ਪੀਣ ਲੱਗ ਗਿਆ। ਉਹਦੀਆਂ ਦੋਨੋਂ ਤੀਵੀਆਂ ਵੀ ਉਹਦੇ ਪਾਸ ਆ ਕੇ ਬੈਠ ਗਈਆਂ। ਉਹ ਗੱਲਾਂ ਵਿੱਚ ਰੁਝ ਗਿਆ ਜਿਸ ਕਰਕੇ ਉਹ ਉਸ ਪਲੰਘ ਬਾਰੇ, ਸੋਚ ਵੀ ਨਾ ਸਕਿਆ, ਜੀਹਦਾ ਉਹ ਆਪਣੀ ਜ਼ਿੰਦ ਨਾਲ਼ੋ ਵੀ ਵੱਧ ਖ਼ਿਆਲ ਰੱਖਦਾ ਸੀ।
ਇਕ ਘੰਟਾ ਲੰਘ ਗਿਆ। ਮੁਸਾਫ਼ਰ ਘੂਕ ਸੁੱਤਾ ਪਿਆ ਸੀ।
ਹਵਾ ਵਿੱਚੋਂ ਮਹਿਕ ਆਈ! ਲੁੱਡਣ ਉੱਠ ਕੇ ਵੇਖਿਆ-ਅਲ੍ਹੜ ਮੁਟਿਆਰਾਂ ਦੀ ਟੋਲੀ ਪੱਤਣ 'ਤੇ ਪੁੱਜ ਗਈ ਸੀ। ਉਹਨੇ ਬੇੜੀ ਵੱਲ ਨਿਗਾਹ ਮਾਰੀ! ਕਿਸੇ ਮੁਸਾਫ਼ਰ ਨੂੰ ਪਲੰਘ 'ਤੇ ਸੁੱਤਾ ਵੇਖ ਕੇ ਉਹਦਾ ਤ੍ਰਾਹ ਨਿਕਲ਼ ਗਿਆ! ਪਰ ਹੁਣ ਕੀ ਕਰਦਾ? ਮੁਟਿਆਰਾਂ ਦੇ ਖੁਸ਼ੀਆਂ ਭਰੇ ਹਾਸਿਆਂ ਨਾਲ਼ ਪੱਤਣ ਦੀਆਂ ਵਾਵਾਂ ਵਿੱਚ ਸੁਗੰਧ ਖਿਲਰੀ ਪਈ ਸੀ। ਮੁਟਿਆਰਾਂ ਦੀ ਟੋਲੀ ਉਹਦੇ ਸਿਰ ਤੇ ਪੁੱਜ ਚੁੱਕੀ ਸੀ!
"ਵੇ ਲੁੱਡਣਾ! ਔਹ ਮੇਰੀ ਸੇਜ ਤੇ ਕਿਹੜਾ ਸੁੱਤਾ ਪਿਐ ?" ਟੋਲੀ ਦੀ ਸਰਦਾਰ ਹੁਸ਼ਨਾਕ ਮੁਟਿਆਰ ਦੇ ਮੱਥੇ 'ਤੇ ਤਿਊੜੀ ਪਈ।
"ਬੀਬੀ, ਪਤਾ ਨੀ ਕਿਹੜਾ ਆਣ ਸੁੱਤੈ! ਮੈਂ ਵੀ ਹੁਣੇ ਵੇਖਿਐ!" ਲੁੱਡਣ ਨੇ ਦੋਨੋਂ ਹੱਥ ਜੋੜ ਕੇ ਕੰਬਦਿਆਂ-ਕੰਬਦਿਆਂ ਉੱਤਰ ਦਿੱਤਾ।
ਇਹ ਮੁਟਿਆਰ ਉਹਦੇ ਮਾਲਕ ਦੀ ਅਲਬੇਲੀ ਧੀ ਸੀ।
"ਬੁੱਢਿਆ ਤੂੰ ਦਾਈਆਂ ਕੋਲੋਂ ਢਿਡ ਲਕੋਨਾ ਏਂ, ਇਹ ਸਭ ਤੇਰੀ ਸ਼ਰਾਰਤ ਲੱਗਦੀ ਐ। ਤੂੰ ਉਹਤੋਂ ਮੇਰੀ ਸੇਜ ਤੇ ਸੌਣ ਦੇ ਪੈਸੇ ਬਟੋਰੇ ਹੋਣਗੇ! ਪਹਿਲਾਂ ਉਹਨੂੰ ਸੌਣ ਦਾ ਸੁਆਦ ਚਖਾ ਲਵਾਂ ਫੇਰ ਲੈਨੀ ਆਂ ਤੇਰੀ ਖ਼ਬਰ।" ਉਹ ਕੜਕਦੀ ਹੋਈ ਬੋਲੀ।
ਉਹਨੇ ਕੋਲ਼ ਪਈਆਂ ਤੂਤ ਦੀਆਂ ਛਟੀਆਂ ਵਿੱਚੋਂ ਇਕ ਹਰੀ ਛਮਕੀ ਚੁੱਕ ਲਈ ਤੇ ਚਾਦਰ ਤਾਣੀ ਪਏ ਮੁਸਾਫ਼ਰ ਦੁਆਲੇ ਹੋ ਗਈ।
"ਵੇ ਤੂੰ ਕਿਹੜੈਂ ਏਥੇ ਲੰਮੀਆਂ ਤਾਣੀ ਪਿਆ", ਉਹ ਨੇ ਛਮਕੀ ਦੀ ਹੁੱਜ ਮਾਰੀ। ਪਰ ਉਹ ਘੂਕ ਸੁੱਤਾ ਪਿਆ ਸੀ।
ਮੁਟਿਆਰ ਦੀਆਂ ਗੁਲਾਬੀ ਗੱਲ੍ਹਾਂ ਗੁੱਸੇ ਨਾਲ਼ ਭਖ ਉੱਠੀਆਂ। ਉਹਨੇ ਸੁੱਤੇ ਪਏ ਮੁਸਾਫ਼ਰ ਦੇ ਤਿੰਨ ਚਾਰ ਛਮਕਾਂ ਜੜ ਦਿੱਤੀਆਂ। ਰਾਂਝੇ ਮੁਖ ਤੋਂ ਪੱਲਾ ਪਰੇ ਸਰਕਾਇਆ-
ਪੰਜਾਬ ਦੇ ਲੋਕ ਨਾਇਕ/11