ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕੋਠੇ ਦਾ ਕੁੰਡਾ ਮਰਵਾ ਲਿਆ। ਜੋਗੀ ਕੁਰਲਾਉਂਦੀ ਹੀਰ ਦਾ ਇਲਾਜ ਕਰਨ ਲੱਗ ਪਿਆ। ਲੋਕੀਂ ਭੈ ਭੀਤ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਆਏ।

ਅੱਧੀ ਰਾਤ ਲੰਘੀ, ਰਾਂਝੇ ਨੇ ਪਿਛਲੀ ਕੰਧ ਵਿੱਚ ਮਘੋਰਾ ਕਰਕੇ ਬਾਹਰ ਵੇਖਿਆ ਬਾਹਰ ਸਹਿਤੀ ਦਾ ਬਲੋਚ ਮੁਰਾਦ ਸਾਂਢਣੀ ਲਈ ਨੀਯਤ ਪ੍ਰੋਗਰਾਮ ਅਨੁਸਾਰ ਤਿਆਰ ਖੜਾ ਸੀ। ਸਹਿਤੀ, ਹੀਰ ਅਤੇ ਜੋਗੀ ਇਸ ਮਘੋਰੇ ਰਾਹੀਂ ਬਾਹਰ ਨਿਕਲ ਆਏ। ਹੀਰ ਰਾਂਝੇ ਨਾਲ਼ ਅਤੇ ਸਹਿਤੀ ਆਪਣੇ ਮੁਰਾਦ ਨਾਲ਼ ਨੱਸ ਟੁਰੇ।

ਸਵੇਰ ਹੋਈ ਤਾਂ ਖੇੜੇ ਕੀ ਵੇਖਦੇ ਹਨ! ਜੋਗੀ ਨਣਦ ਭਰਜਾਈ ਨੂੰ ਲੈ ਕੇ ਤਿੱਤਰ ਹੋ ਚੁੱਕਾ ਸੀ। ਉਹ ਦੋ ਵਾਹਰਾਂ ਬਣਾ ਕੇ ਉਨ੍ਹਾਂ ਪਿੱਛੇ ਨੱਸੇ। ਮੁਰਾਦ ਅਤੇ ਸਹਿਤੀ ਦੂਰ ਜਾ ਚੁੱਕੇ ਸਨ। ਉਹ ਉਨ੍ਹਾਂ ਦੇ ਹੱਥ ਨਾ ਲੱਗੇ ਪਰੰਤੂ ਹੀਰ ਰਾਂਝੇ ਨੂੰ ਨਾਹੜਾਂ ਦੇ ਇਲਾਕੇ ਵਿੱਚ ਉਨ੍ਹਾਂ ਦਾ ਘੇਰਿਆ। ਨਾਹੜਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਖੇੜਿਆਂ ਸਮੇਤ ਆਪਣੇ ਇਲਾਕੇ ਦੇ ਹਾਕਮ ਕੋਲ ਇਨਸਾਫ਼ ਲਈ ਕੋਟਕਬੂਲੇ ਭੇਜ ਦਿੱਤਾ।

ਖੇੜਿਆਂ ਆਖਿਆ, "ਇਹ ਜੋਗੀ ਸਾਡੀ ਵਹੁਟੀ ਨੂੰ ਉਧਾਲ਼ ਲਿਆਇਆ ਏ। ਇਹ ਇਹਦਾ ਇਲਾਜ ਕਰਦਾ ਪਿਆ ਸੀ।"

ਰਾਂਝੇ ਆਪਣਾ ਹੱਕ ਜਤਾਇਆ,"ਇਹ ਝੂਠ ਮਾਰਦੇ ਹਨ, ਇਹ ਹੀਰ ਮੇਰੀ ਏ ਬੇਸ਼ਕ ਹੀਰ ਤੋਂ ਪੁੱਛ ਵੇਖੋ।

ਹੀਰ ਨੇ ਆਪਣੀ ਰਜ਼ਾਮੰਦੀ ਵਿੱਚ ਸਿਰ ਝੁਕਾ ਦਿੱਤਾ।

ਪਰੰਤੂ ਹਾਕਮ ਨੇ ਫ਼ੈਸਲਾ ਖੇੜਿਆਂ ਦੇ ਹੱਕ ਵਿੱਚ ਦੇ ਦਿੱਤਾ। ਹੀਰ ਰਾਂਝੇ ਪਾਸੋਂ ਖੋਹ ਲਈ ਗਈ। ਅਚਾਨਕ ਸਾਰੇ ਸ਼ਹਿਰ ਨੂੰ ਅੱਗ ਲੱਗ ਗਈ। ਲੋਕਾਂ ਜਾਤਾ ਕਿ ਇਹ ਹੀਰ ਰਾਂਝੇ ਦੀ ਬਦ ਅਸੀਸ ਦਾ ਫਲ ਹੈ। ਇਸ ਤਰ੍ਹਾਂ ਹਾਕਮ ਨੇ ਰਾਂਝੇ ਨੂੰ ਸੱਚਾ ਜਾਣ ਕੇ ਹੀਰ ਖੇੜਿਆਂ ਪਾਸੋਂ ਦੁਬਾਰਾ ਖੋਹ ਕੇ ਰਾਂਝੇ ਨੂੰ ਦੇ ਦਿੱਤੀ।

ਹੀਰ ਰਾਂਝਾ ਕਈ ਦਿਨਾਂ ਵਿੱਚ ਘੁੰਮਦੇ ਘੁਮਾਂਦੇ ਝੰਗ ਦੇ ਪੱਤਣ ਤੇ ਪੁੱਜ ਗਏ। ਕਿਸੇ ਨੇ ਚੂਚਕ ਨੂੰ ਜਾ ਦੱਸਿਆ ਕਿ ਹੀਰ ਰਾਂਝਾ ਪੱਤਣ 'ਤੇ ਬੈਠੇ ਨੇ। ਉਹ ਉਨ੍ਹਾਂ ਨੂੰ ਘਰ ਲੈ ਆਇਆ। ਉੱਪਰੋਂ ਚੂਚਕ ਬਹੁਤ ਖ਼ੁਸ਼ ਹੋਇਆ ਪਰੰਤੂ ਉਹ ਅੰਦਰੋਂ ਨਮੋਸ਼ੀ ਦਾ ਮਾਰਿਆ ਪਿਆ ਸੀ। ਉਸ ਰਾਂਝੇ ਦੀ ਬੜੀ ਖ਼ਾਤਰਦਾਰੀ ਕੀਤੀ। ਰਾਂਝੇ ਹੁਣ ਮੁੰਦਰਾਂ ਲਾਹ ਦਿੱਤੀਆਂ। ਜਟਾਂ ਕਟਵਾ ਕੇ ਮੁੜ ਧੀਦੋ ਰਾਂਝਾ ਬਣ ਬੈਠਾ। ਕਈ ਯਾਰ ਬੇਲੀ ਉਹਨੂੰ ਮਿਲਣ ਲਈ ਚੂਚਕ ਦੇ ਘਰ ਆਏ। ਹੀਰ ਦੀਆਂ ਸਹੇਲੀਆਂ ਖ਼ੁਸ਼ੀ ਨਾਲ਼ ਨੱਚਦੀਆਂ ਪਈਆਂ ਸਨ। ਰਾਂਝੇ ਦੀ ਵੰਝਲੀ ਮੁੜ ਮਿੱਠੀਆਂ ਤਾਨਾਂ ਛੇੜ ਦਿੱਤੀਆਂ। ਰੋਟੀ ਟੁਕਰ ਖਾਣ ਮਗਰੋਂ ਚੂਚਕ ਨੇ ਰਾਂਝੇ ਨੂੰ ਆਖਿਆ, "ਪੁੱਤਰ ਰਾਂਝਿਆ ਸਾਨੂੰ ਤੂੰ ਖ਼ਿਮਾ ਕਰ ਦੇ। ਅਸੀਂ ਹੀਰ ਨੂੰ ਤੇਰੇ ਨਾਲ਼ ਨਾ ਵਿਆਹ ਕੇ ਤੇਰੇ ਨਾਲ਼ ਬੜਾ ਅਨਿਆਂ ਕੀਤਾ ਸੀ। ਤੂੰ ਹੁਣ ਛੇਤੀ ਤੋਂ ਛੇਤੀ ਤਖ਼ਤ ਹਜ਼ਾਰੇ ਜਾਹ ਤੇ ਜੰਞ ਚੜ੍ਹਾ ਕੇ ਹੀਰ ਨੂੰ ਸ਼ਗਨਾਂ ਨਾਲ ਵਿਆਹ ਕੇ ਲੈ ਜਾ।"

ਪੰਜਾਬ ਦੇ ਲੋਕ ਨਾਇਕ/20