ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੱਪੜੇ ਧੋ ਰਿਹਾ ਸੀ। ਉਹਦੀ ਨਜ਼ਰ ਸੂਰਜ ਵਿੱਚ ਚਮਕਦੇ ਰੁੜ੍ਹੇ ਆਉਂਦੇ ਸੰਦੂਕ ਤੇ ਜਾ ਪਈ। ਉਹਨੇ ਉਹ ਸੰਦੂਕ ਫੜ ਲਿਆ। ਉਸ ਸੰਦੂਕ ਦਾ ਢੱਕਣ ਚੁੱਕਿਆ——ਇਕ ਪਿਆਰਾ ਬੱਚਾ ਅੰਗੂਠਾ ਚੁੰਘ ਰਿਹਾ ਸੀ। ਹੈਰਾਨੀ ਅਤੇ ਖ਼ੁਸ਼ੀ ਦੇ ਰਲ਼ੇ ਮਿਲ਼ੇ ਭਾਵਾਂ ਦੇ ਪ੍ਰਭਾਵ ਸਦਕਾ ਅੱਤਾ ਅਹਿਲ ਖੜਾ ਰਿਹਾ। ਇਕ ਪਲ ਮਗਰੋਂ ਬੁੱਢੇ ਧੋਬੀ ਦੇ ਝੁਰੜਾਏ ਬੁਲ੍ਹਾਂ ਤੇ ਮੁਸਕਾਨ ਨੱਚੀ ਤੇ ਉਹਨੇ ਆਪਣੀ ਧੋਬਣ ਨੂੰ ਆਵਾਜ਼ ਮਾਰੀ, "ਨੱਸ ਕੇ ਆਈਂ ਉਰੇ, ਆਹ ਵੇਖ ਰੱਬ ਨੇ ਸਾਡੇ ਲਈ ਕੇਹੀ ਅਮੁੱਲੀ ਦਾਤ ਘੱਲੀ ਏ! ਸਾਡੀਆਂ ਵਰ੍ਹਿਆਂ ਦੀਆਂ ਸੁਖਣਾਂ ਅੱਜ ਪੂਰੀਆਂ ਹੋਈਆਂ ਨੇ।"

ਧੋਬਣ ਨੇ ਬਾਲੜੀ ਨੂੰ ਆਪਣੀ ਗੋਦ ਲੈ ਲਿਆ। ਖ਼ੁਸ਼ੀ ਦੇ ਮਾਰੇ ਉਹਦੀਆਂ ਅੱਖਾਂ ਵਿੱਚੋਂ ਮਮਤਾ ਦੇ ਅੱਥਰੂ ਵਗ ਟੁਰੇ।

ਮਹਿਲਾਂ ਦੀ ਦੌਲਤ ਧੋਬੀਆਂ ਦੇ ਘਰ ਜਵਾਨ ਹੋਣ ਲੱਗੀ। ਉਹਦਾ ਨਾਂ ਉਨ੍ਹਾਂ ਸੱਸੀ ਪਾ ਲਿਆ!

ਸਿੰਧ ਦੇ ਪਾਣੀਆਂ ਨੇ ਜਵਾਨ ਸੱਸੀ ਤੇ ਲੋਹੜੇ ਦਾ ਰੂਪ ਚਾੜ੍ਹ ਦਿੱਤਾ। ਸੱਸੀ ਦੇ ਰੂਪ ਦੀਆਂ ਧੁੰਮਾਂ ਪੈ ਗਈਆਂ। ਧੋਬੀਆਂ ਦੇ ਘਰ ਐਨਾ ਹੁਸਨ, ਲੋਕੀਂ ਹੈਰਾਨ ਹੁੰਦੇ! ਕਈ ਚੰਗਾ ਖਾਂਦੇ ਪੀਂਦੇ ਧੋਬੀਆਂ ਨੇ ਸੱਸੀ ਦੇ ਸਾਕ ਲਈ ਖ਼ੈਰਾਤ ਮੰਗੀ, ਪਰ ਅੱਤੇ ਨੇ ਸਾਰੇ ਠੁਕਰਾ ਦਿੱਤੇ। ਉਹ ਸੱਸੀ ਦੀ ਰਜ਼ਮਾਮੰਦੀ ਲੈਣਾ ਚਾਹੁੰਦਾ ਸੀ। ਸੱਸੀ ਨੂੰ ਅਜੇ ਕੋਈ ਗੱਭਰੂ ਜਚਿਆ ਨਹੀਂ ਸੀ।

ਭੰਬੋਰ ਸ਼ਹਿਰ ਦੇ ਇਕ ਰਸੀਏ ਸੁਦਾਗਰ ਦੇ ਨਵੇਂ ਮਹਿਲ ਦੀ ਬੜੀ ਚਰਚਾ ਸੀ। ਏਸ ਮਹਿਲ ਵਿੱਚ ਸੰਸਾਰ ਭਰ ਦੇ ਸਾਰੇ ਸ਼ਾਹਜ਼ਾਦਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਸੱਸੀ ਵੀ ਆਪਣੀਆਂ ਸਹੇਲੀਆਂ ਸਮੇਤ ਇਹ ਮਹਿਲ ਵੇਖਣ ਗਈ। ਉਹ ਬੜੀ ਰੀਝ ਨਾਲ਼ ਤਸਵੀਰਾਂ ਵੇਖਦੀਆਂ ਪਈਆਂ ਸਨ। ਪਰ ਇਕ ਤਸਵੀਰ ਨੇ ਤਾਂ ਜਾਣੋ ਸੱਸੀ ਨੂੰ ਕੀਲ ਹੀ ਦਿੱਤਾ। ਉਹ ਇਸ ਤਸਵੀਰ ਤੋਂ ਆਪਣੀ ਨਿਗਾਹ ਪਰੇ ਨਾ ਹਟਾ ਸਕੀ। ਉਹ ਆਪਣਾ ਹੁਸੀਨ ਦਿਲ ਇਸ ਅਦੁੱਤੀ ਤਸਵੀਰ ਦੇ ਹਵਾਲੇ ਕਰ ਆਈ।

ਕਿਸੇ ਦੱਸਿਆ, "ਇਹ ਕੀਚਮ ਦੇ ਸ਼ਾਹਜ਼ਾਦੇ ਪੁੰਨੂੰ ਦੀ ਤਸਵੀਰ ਏ।"

ਐਨਾ ਪਿਆਰਾ ਮੁਖੜਾ ਉਸ ਕਦੀ ਤੱਕਿਆ ਨਹੀਂ ਸੀ। "ਰੱਬ ਕਰੇ, ਪੁੰਨੂੰ ਮੈਨੂੰ ਮਿਲ ਜਾਵੇ।" ਸੱਸੀ ਨੇ ਦਿਲ ਫੜ ਕੇ ਠੰਡਾ ਹੌਕਾ ਭਰਿਆ। ਸੱਸੀ ਹੁਣ ਪੁੰਨੂੰ ਦੀ ਹੋ ਚੁੱਕੀ ਸੀ।

ਸੱਸੀ ਦੇ ਸ਼ਹਿਰ ਭੰਬੋਰ ਕੀਚਮ ਦੇ ਸੌਦਾਗਰ ਆਂਦੇ ਜਾਂਦੇ ਰਹਿੰਦੇ ਸਨ। ਉਹ ਸੱਸੀ ਦੇ ਹੁਸਨ ਦੀ ਚਰਚਾ ਆਪਣੇ ਦੇਸ਼ ਵਿੱਚ ਜਾ ਕੇ ਕਰਦੇ। ਓਥੋਂ ਦਾ ਸਾਹਜ਼ਾਦਾ ਪੁੰਨੂੰ ਹੁਸ਼ਨਾਕ ਸੱਸੀ ਨੂੰ ਤੱਕਣ ਲਈ ਬੇਤਾਬ ਹੋ ਗਿਆ। ਉਹਨੇ ਆਪਣੇ ਪਿਤਾ ਨੂੰ ਕੋਈ ਬਹਾਨਾ ਲਾਇਆ ਤੇ ਇਕ ਕਾਫ਼ਲੇ ਨਾਲ ਭੰਬੋਰ ਪੁੱਜ ਗਿਆ।

ਪੰਜਾਬ ਦੇ ਲੋਕ ਨਾਇਕ/24