ਸੱਸੀ ਪੁੰਨੂੰ ਇਕ ਦੂਜੇ ਨੂੰ ਇਸ ਤਰ੍ਹਾਂ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਨੇ।
"ਤੂੰ ਪੁੰਨੂੰ ਏਂ ਸੁਹਣਿਆਂ, ਕੀਚਮ ਦਾ ਸ਼ਾਹਜ਼ਾਦਾ?" ਸੱਸੀ ਦਾ ਚਿਹਰਾ ਮੁਸਕਰਾਇਆ।
"ਹਾਂ ਮਨਮੋਹਣੀਏਂ ਸੱਸੀਏ, ਮੈਂ ਤੇਰੇ ਹੁਸਨ ਨੂੰ ਸਿਜਦਾ ਕਰਨ ਤੇਰੇ ਦੇਸ਼ ਆਇਆਂ।"
ਦੋਨੋ ਪਿਆਰੇ ਇਕ ਦੂਜੇ ਵਿੱਚ ਲੀਨ ਹੋ ਗਏ। ਦੁਨੀਆਂ ਭਰ ਦੀਆਂ ਸਾਰੀਆਂ ਨਿਆਮਤਾਂ ਉਨ੍ਹਾਂ ਦੀ ਝੋਲੀ ਆਣ ਪਈਆਂ।
ਪੁੰਨੂੰ ਹੁਣ ਸੱਸੀ ਜੋਗਾ ਹੋ ਚੁਕਿਆ ਸੀ।
ਪੁੰਨੂੰ ਦੇ ਨਾਲ਼ ਦੇ ਸੌਦਾਗਰ ਆਪਣੇ ਦੇਸ਼ ਪਰਤ ਗਏ। ਉਨ੍ਹਾਂ ਪੁੰਨੂੰ ਦੇ ਪਿਤਾ ਅਲੀ ਹੋਤ ਨੂੰ ਪੁੰਨੂੰ ਦੇ ਇਸ਼ਕ ਦੀ ਸਾਰੀ ਵਾਰਤਾ ਜਾ ਸੁਣਾਈ। ਉਹਨੇ ਪੁੰਨੂੰ ਦੇ ਭਰਾ, ਪੁੰਨੂੰ ਨੂੰ ਵਾਪਸ ਕੀਚਮ ਲਿਆਉਣ ਲਈ ਭੰਬੋਰ ਭੇਜ ਦਿੱਤੇ।
ਉਹ ਕਈ ਦਿਨਾਂ ਦੀ ਮੰਜ਼ਲ ਮਾਰ ਕੇ ਭੰਬੋਰ ਸ਼ਹਿਰ ਸੱਸੀ ਦੇ ਘਰ ਪੁੱਜ ਗਏ। ਪੁੰਨੂੰ ਹੁਣ ਸੱਸੀ ਦੇ ਘਰ ਹੀ ਰਹਿੰਦਾ ਪਿਆ ਸੀ। ਸੱਸੀ ਨੇ ਪੁੰਨੂੰ ਦੇ ਭਰਾਵਾਂ ਦੀ ਬੜੀ ਖ਼ਾਤਰਦਾਰੀ ਕੀਤੀ। ਪੁੰਨੂੰ ਦੇ ਭਰਾ ਪੁੰਨੂੰ ਨੂੰ ਸ਼ਰਾਬ ਦੇ ਜਾਮਾਂ ਦੇ ਜਾਮ ਭਰ-ਭਰ ਪਿਆਂਦੇ ਰਹੇ। ਪੁੰਨੂੰ ਬੇਹੋਸ਼ ਹੋ ਗਿਆ।
ਰਾਤ ਰਾਣੀ ਨੇ ਸਤਾਰਿਆਂ ਜੜੀ ਕਾਲੀ ਚਾਦਰ ਆਪਣੇ ਦੁਆਲੇ ਵਲ੍ਹੇਟ ਲਈ। ਸੱਸੀ ਬੇਹੋਸ਼ ਪਏ ਪੁੰਨੂੰ ਦੇ ਗਲ ਆਪਣੀ ਬਾਂਹ ਵਲੀਂ ਘੂਕ ਸੁੱਤੀ ਪਈ ਸੀ। ਪੁੰਨੂੰ ਦੇ ਭਰਾ ਉੱਠੇ, ਉਨ੍ਹਾਂ ਹੌਲੇ ਜਿਹੇ ਸੱਸੀ ਦੀ ਬਾਂਹ ਪਰ੍ਹੇ ਹਟਾਈ ਤੇ ਪੁੰਨੂੰ ਨੂੰ ਇਕ ਊਂਠ ਉੱਤੇ ਲੱਦ ਲਿਆ। ਉਹ ਜਾਣਦੇ ਸਨ ਕਿ ਪੁੰਨੂੰ ਆਪਣੇ ਆਪ ਸੌਖਿਆਂ ਵਾਪਸ ਮੁੜਨ ਵਾਲਾ ਨਹੀਂ। ਸੱਸੀ ਬੇਖ਼ਬਰ ਸੁੱਤੀ ਰਹੀ। ਉਹ ਬੇਹੋਸ਼ ਪੰਨੂੰ ਨੂੰ ਲੈ ਟੁਰੇ।
ਸੱਸੀ ਦੀ ਜਾਗ ਖੁਲ੍ਹੀ। ਪੁੰਨੂ ਉਹਦੇ ਕੋਲ਼ ਨਹੀਂ ਸੀ! ਪੁੰਨੂੰ ਦੇ ਭਰਾ ਤੱਕੇ, ਉਨ੍ਹਾਂ ਦੀਆਂ ਡਾਚੀਆਂ ਵੇਖੀਆਂ ਕੋਈ ਵੀ ਕਿਧਰੇ ਨਹੀਂ ਸੀ। ਉਸ ਆਲ਼ਾ ਦੁਆਲ਼ਾ ਛਾਣ ਮਰਿਆ! ਪਰੰਤੂ ਪੁੰਨੂੰ ਤਾਂ ਕਾਫ਼ੀ ਦੂਰ ਜਾ ਚੁੱਕਿਆ ਸੀ। ਸੱਸੀ ਕੁਰਲਾਂਦੀ ਪਈ ਸੀ:
ਮੈਂ ਪੁੰਨੂ ਦੀ ਪੁੰਨੂ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ
ਉਹਦੀ ਧਰਮ ਮਾਂ ਨੇ ਉਹਨੂੰ ਬਹੁਤੇਰਾ ਸਮਝਾਇਆ!
ਨਾ ਰੋ ਧੀਏ ਸੱਸੀਏ
ਪੁੰਨੂੰ ਵਰਗੇ ਬਲੋਚ ਬਥੇਰੇ
ਪੰਜਾਬ ਦੇ ਲੋਕ ਨਾਇਕ/25