ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/31

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਨਾਜ਼ਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ਼ ਸ਼ਿੰਗਾਰੇ
ਬਾਲੂ ਰੇਤ ਤਪੇ ਵਿੱਚ ਥਲ ਦੇ
ਜਿਉਂ ਜੌਂ ਭੁੰਨਣ ਭਠਿਆਰੇ
ਸੂਰਜ ਭਜ ਵੜਿਆ ਵਿੱਚ ਬੱਦਲੀਂ
ਡਰਦਾ ਲਿਸ਼ਕ ਨਾ ਮਾਰੇ
ਹਾਸ਼ਮ ਵੇਖ ਯਕੀਨ ਸੱਸੀ ਦਾ
ਸਿਦਕੋਂ ਮੂਲ ਨਾ ਹਾਰੇ।

ਸੱਸੀ ਅੱਗੋਂ ਆਉਂਦੇ ਰਾਹੀਆਂ ਪਾਸੋਂ ਆਪਣੇ ਪੁੰਨੂੰ ਦਾ ਪਤਾ ਪੁੱਛਦੀ ਪਰੰਤੂ ਸਾਰੇ ਨਾਂਹ ਵਿੱਚ ਸਿਰ ਹਿਲਾ ਦੇਂਦੇ। ਉਹਨੇ ਥਲ ਅੱਗੇ ਵੀ ਵਾਸਤੇ ਪਾਏ:-

ਦਸ ਵੇ ਥਲਾ ਕਿਤੇ ਵੇਖੀ ਹੋਵੇ
ਮੇਰੇ ਪੁੰਨੂੰ ਦੀ ਡਾਚੀ ਕਾਲੀ
ਜਿੱਥੇ ਮੇਰਾ ਪੁੰਨੂੰ ਮਿਲੇ
ਉਹ ਧਰਤ ਨਸੀਬਾਂ ਵਾਲੀ।

ਕੋਹਾਂ ਦੇ ਕੋਹ ਸੱਸੀ ਭੁੱਜਦੇ ਥਲਾਂ ਤੇ ਡਾਚੀ ਦਾ ਖੁਰਾ ਲੱਭਦੀ ਰਹੀ। ਅੰਤ ਮਾਰੂਥਲਾਂ ਵਿਚਕਾਰ ਭੁੱਖੀ ਭਾਣੀ ਉਹ ਬੇਹੋਸ਼ ਹੋ ਕੇ ਡਿੱਗ ਪਈ ਤੇ ਪੁੰਨੂੰ ਪੁੰਨੂੰ ਕੂਕਦੀ ਨੇ ਪ੍ਰਾਣ ਤਿਆਗ ਦਿੱਤੇ।

ਦੂਜੇ ਬੰਨੇ, ਪੁੰਨੂੰ ਨੂੰ ਹੋਸ਼ ਪਰਤੀ, ਉਹਦੀ ਜ਼ਿੰਦ-ਸੱਸੀ-ਉਹਦੇ ਪਾਸ ਨਹੀਂ ਸੀ, ਨਾ ਹੀ ਕਿਧਰੇ ਭੰਬੋਰ ਸ਼ਹਿਰ ਸੀ-ਚਾਰੇ ਬੰਨੇ ਮਾਰੂ ਰੇਤ ਥਲ ਨਜ਼ਰੀਂ ਆ ਰਿਹਾ ਸੀ। ਉਸ ਵਾਪਸ ਪਰਤਣ ਦੀ ਜ਼ਿੱਦ ਕੀਤੀ। ਉਹਦੇ ਭਰਾਵਾਂ ਉਹਨੂੰ ਲਖ ਸਮਝਾਇਆ। ਉਹ ਉਨ੍ਹੀਂ ਰਾਹੀਂ ਆਪਣੀ ਡਾਚੀ ਸਮੇਤ ਮੁੜ ਪਿਆ। ਸੱਸੀ ਦਾ ਪਿਆਰਾ ਮੁਖੜਾ ਉਹਨੂੰ ਨਜ਼ਰੀਂ ਆਂਦਾ ਪਿਆ ਸੀ।

ਡਾਚੀ ਤੇਜ਼ ਕਦਮੀਂ ਭੰਬੋਰ ਸ਼ਹਿਰ ਵੱਲ ਨੱਸੀ ਆ ਰਹੀ ਸੀ। ਰਾਹ ਵਿੱਚ ਪੁੰਨੂੰ ਨੂੰ ਆਵਾਜ਼ ਪਈ:

"ਡਾਚੀ ਵਾਲਿਆ, ਇਕ ਪਲ ਰੁਕ ਜਾਵੀਂ। ਆ ਆਪਾਂ ਰਲ ਕੇ ਇਕ ਰੱਬੀ ਜਿਊੜੇ ਦੀ ਕਬਰ ਪੁੱਟ ਦੇਵੀਏ। ਇਹ ਆਪਣੇ ਪਿਆਰੇ ਦੀ ਭਾਲ ਵਿੱਚ ਪੂਰੀ ਹੋ ਗਈ ਏ।" ਪੁੰਨੂੰ ਨੇ ਪਰਤ ਕੇ ਵੇਖਿਆ ਇਕ ਅਯਾਲੀ ਕਬਰ ਪੁੱਟਦਾ ਪਿਆ ਸੀ।

ਪੁੰਨੂੰ ਦਾ ਦਿਲ ਧੜਕਿਆ। ਉਹਨੇ ਡਾਚੀ ਖਲ੍ਹਿਆਰ ਲਈ ਤੇ ਉਸ ਦੇ ਪਾਸ ਜਾ ਕੇ ਬੋਲਿਆ, "ਕਿੱਥੇ ਹੈ ਉਹ ਸਿਦਕਣ ਮੁਟਿਆਰ?"

ਅਯਾਲੀ ਪੁੰਨੂੰ ਨੂੰ ਦਰੱਖਤਾਂ ਦੇ ਇਕ ਝੁੰਡ ਕੋਲ ਲੈ ਗਿਆ। ਅਯਾਲੀ ਨੇ ਮੁਟਿਆਰ ਦੇ ਕੁਮਲਾਏ ਮੁਖੜੇ ਤੋਂ ਪੱਲਾ ਸਰਕਾਇਆ, ਪੁੰਨੂੰ ਦੇ ਹੋਸ਼ ਉੱਡ ਗਏ।

ਪੰਜਾਬ ਦੇ ਲੋਕ ਨਾਇਕ/27