ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਕਮ ਕਰੋ ਸਭ ਕੁਝ ਹਾਜ਼ਰ ਹੈ, ਜਲ ਪਾਣੀ ਦੀ ਆਗਿਆ ਦਿਓ।" ਤੁੱਲੇ ਨੇ ਨੌਜਵਾਨ ਸੌਦਾਗਰ ਅੱਗੇ ਦੋਨੋਂ ਹੱਥ ਜੋੜੇ ਅਤੇ ਕਾਹੀ ਦਾ ਬਣਿਆ ਰਾਂਗਲਾ ਮੂਹੜਾ ਅੱਗੇ ਵਧਾ ਦਿੱਤਾ।

"ਜਲ ਪਾਣੀ ਲਈ ਮਿਹਰਬਾਨੀ, ਸਾਨੂੰ ਕੁਝ ਭਾਂਡਿਆਂ ਦੀ ਲੋੜ ਏ, ਅਸੀਂ ਆਪਣੇ ਦੇਸ਼ ਨੂੰ ਤੁਹਾਡੇ ਦੇਸ਼ ਦੀ ਸੁਗਾਤ ਲਜਾਣਾ ਚਾਹੁੰਦੇ ਹਾਂ, ਕੁਝ ਨਮੂਨੇ ਵਖਾਓ", ਮੂਹੜੇ 'ਤੇ ਬੈਠਦਿਆਂ ਇਜ਼ਤ ਬੇਗ ਨੇ ਉੱਤਰ ਦਿੱਤਾ।

ਤੁੱਲਾ ਘੁਮਿਆਰ ਦੁਕਾਨ ਅੰਦਰੋਂ ਭਾਂਡੇ ਲੈਣ ਲਈ ਚਲਿਆ ਗਿਆ। ਇਜ਼ਤ ਬੇਗ ਸੋਚਦਾ ਪਿਆ ਸੀ ਕਿ ਉਹ ਖੂਬਸੂਰਤ ਭਾਂਡਿਆਂ ਦੇ ਰਚਣਹਾਰੇ ਦੀ ਸਿਫ਼ਤ ਕਰੇ ਤਾਂ ਕਿਵੇਂ ਕਰੇ। ਅੱਖਰ ਉਹਨੂੰ ਲੱਭਦੇ ਨਹੀਂ ਸਨ ਪਏ!

ਤੁੱਲਾ ਅੰਦਰੋਂ ਕਈ ਨਮੂਨੇ ਲੈ ਆਇਆ। ਨਮੂਨੇ ਕੀ ਸਨ? ਕਿਸੇ ਕਰਾਮਾਤੀ ਹੱਥਾਂ ਦਾ ਕਮਾਲ ਸਨ। ਕੇਹੀ ਚਿਤਰਕਾਰੀ ਸੀ ਇਨ੍ਹਾਂ ਉੱਤੇ, ਤੱਕਿਆਂ ਭੁੱਖ ਲਹਿੰਦੀ ਸੀ। "ਆਹ! ਕਿੰਨਾ ਖੂਬਸੂਰਤ ਹੋਵੇਗਾ ਉਸ ਕਲਾਕਾਰ ਦਾ ਦਿਲ, ਕਿੰਨੀਆਂ ਖੂਬਸੂਰਤ ਹੋਣਗੀਆਂ ਉਸ ਜਾਦੂਗਰ ਦੀਆਂ ਉਂਗਲਾਂ, ਜੀਹਨੇ ਅਜਿਹੀਆਂ ਖ਼ੂਬਸੂਰਤ ਕਲਾ ਕਿਰਤਾਂ ਨੂੰ ਜਨਮ ਦਿੱਤਾ ਹੈ।" ਇਜ਼ਤ ਬੇਗ ਸੋਚਦਾ ਪਿਆ ਸੀ।

"ਇਹ ਬਹੁਤ ਸੁੰਦਰ ਹਨ, ਅਤੀ ਸੁੰਦਰ! ਕੋਈ ਕਦਰਦਾਨ ਦਿਲ ਹੀ ਇਨ੍ਹਾਂ ਦਾ ਮੁੱਲ ਤਾਰ ਸਕਦਾ ਹੈ। ਤੁਸੀਂ ਏਡੇ ਮਨਮੋਹਣੇ ਭਾਂਡੇ ਬਣਾ ਕਿਵੇਂ ਲੈਂਦੇ ਹੋ?" ਇਜ਼ਤ ਬੇਗ ਦੀਆਂ ਪ੍ਰਸ਼ੰਸਾ ਭਰੀਆਂ ਤੱਕਣੀਆਂ ਜਾਣਕਾਰੀ ਲੋੜਦੀਆਂ ਸਨ।

ਪ੍ਰਸੰਸਾ ਦੇ ਸ਼ਬਦ ਸੁਣ ਕੇ, ਤੁੱਲੇ ਦੀਆਂ ਅੱਖਾਂ ਚਮਕ ਉੱਠੀਆਂ। ਉਹ ਇਜ਼ਤ ਬੇਗ ਨੂੰ ਆਪਣੇ ਕਲਾ ਭਵਨ ਵਿੱਚ ਲੈ ਗਿਆ ਜਿੱਥੇ ਭਾਂਡੇ ਬਣ ਰਹੇ ਸਨ। ਚੱਕ ਬੜਾ ਤੇਜ਼ੀ ਨਾਲ਼ ਘੁੰਮਦਾ ਪਿਆ ਸੀ, ਉਸ ਦੀ ਕਲਪਣਾ ਦੀ ਖ਼ੂਬਸੂਰਤ ਦਿਲ ਵਾਲ਼ੀ ਮੁਟਿਆਰ ਆਪਣੀਆਂ ਕੋਮਲ ਉਂਗਲਾਂ ਨਾਲ, ਗੁੰਨ੍ਹੀ ਹੋਈ ਮਿੱਟੀ ਨੂੰ ਜਾਦੂ ਭਰੀਆਂ ਛੁਹਾਂ ਦੇ ਰਹੀ ਸੀ।

“ਇਹ ਹੈ ਮੇਰੀ ਧੀ ਸੋਹਣੀ, ਇਹ ਸਾਰੇ ਭਾਂਡੇ ਏਸੇ ਦੇ ਬਣਾਏ ਹੋਏ ਹਨ", ਤੁੱਲੇ ਨੇ ਆਪਣੀ ਧੀ ਵੱਲ ਇਸ਼ਾਰਾ ਕੀਤਾ।

ਘੁੰਮਦਾ ਚੱਕ ਹੌਲੀ ਹੋ ਗਿਆ। ਮੁਟਿਆਰ ਚੱਕ ਉੱਤੇ ਜਨਮ ਲੈ ਰਹੇ ਸ਼ਾਹਕਾਰ ਵਿੱਚ ਮਗਨ ਸੀ, ਉਸ ਜ਼ਰਾ ਕੁ ਪਿੱਛੇ ਮੁੜ ਕੇ ਤੱਕਿਆ-ਕਾਲੀਆਂ ਘਟਾਵਾਂ ਪਿੱਛੋਂ ਚੰਦ ਦੀ ਪਿਆਰੀ ਟੁਕੜੀ ਟਹਿਕ ਪਈ।

ਇਜ਼ਤ ਬੇਗ ਨੇ ਧੁੱਪ ਵਿੱਚ ਸੁਕਾਏ ਜਾ ਰਹੇ ਭਾਂਡੇ ਤੱਕੇ ਅਤੇ ਆਵੇ ਵਿੱਚ ਪਕਾਏ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਿੰਨੀ ਦੇਰ ਉਹ ਇਸ ਕਲਾ ਭਵਨ ਵਿੱਚ ਰਿਹਾ, ਸੋਹਣੀ ਦੀ ਪਿਆਰੀ ਸੂਰਤ ਉਹਨੂੰ ਨਜ਼ਰੀਂ ਆਂਦੀ ਰਹੀ। ਉਸ ਨੂੰ ਭਾਂਡਿਆਂ ਦੀ ਖ਼ੂਬਸੂਰਤੀ ਦਾ ਭੇਤ ਸਮਝ ਪੈ ਗਿਆ, "ਸੋਹਣੀ ਦਾ ਆਪਣਾ

ਪੰਜਾਬ ਦੇ ਲੋਕ ਨਾਇਕ/30