ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/37

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਪਣੀ ਛਾਤੀ ਨਾਲ ਘੁਟ ਲਿਆ ਤੇ ਉਹਦੀਆਂ ਗੁਲਾਬੀ ਗੱਲਾਂ ਤੇ ਉਨਾਬੀ ਬੁੱਲ੍ਹੀਆਂ ਤੇ ਚੁਮਣਾਂ ਦਾ ਮੀਂਂਹ ਵਰਸਾ ਦਿੱਤਾ।

“ਮਹੀਂਵਾਲਾ ਮੈਂ ਆਪਣੀ ਪਾਕ ਮੁਹੱਬਤ ਤੇਰੇ ਹਵਾਲੇ ਕਰ ਦਿੱਤੀ ਐ, ਮੈਂ ਵਫ਼ਾ ਨਿਭਾਵਾਂਗੀ ਇਸ਼ਕ ਨੂੰ ਦਾਗ਼ ਨਹੀਂ ਲੱਗਣ ਦਿਆਂਗੀ.......।"

ਸੋਹਣੀ ਮਹੀਂਵਾਲ ਹਰ ਰੋਜ਼ ਬੇਲੇ ਵਿੱਚ ਪਿਆਰ ਮਿਲਣੀਆਂ ਮਾਣਦੇ ਰਹੇ।

ਬੇਲੇ ਵਿੱਚ ਸੋਹਣੀ ਦਾ ਰੋਜ਼ ਮਹੀਂਵਾਲ ਪਾਸ ਜਾਣਾ ਕਈ ਖਚਰੀਆਂ ਨਜ਼ਰਾਂ ਨੂੰ ਖੁੜਕ ਗਿਆ। ਉਨ੍ਹਾਂ ਦੇ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ:

ਤੂੰ ਹੱਸਦੀ ਦਿਲ ਰਾਜ਼ੀ ਮੇਰਾ
ਲਗਦੇ ਨੇ ਬੋਲ ਪਿਆਰੇ
ਚੱਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪ੍ਰਗਟ ਹੋਈਆਂ
ਵਜ ਗਏ ਢੋਲ ਨਗਾਰੇ
ਸੋਹਣੀਏਂ ਆ ਜਾ ਨੀਂ
ਡੁੱਬਦਿਆਂ ਨੂੰ ਰੱਬ ਤਾਰੇ।

ਤੁੱਲੇ ਨੂੰ ਵੀ ਸੋਹਣੀ ਮਹੀਂਵਾਲ ਦੇ ਪ੍ਰੇਮ ਬਾਰੇ ਸੂਹ ਮਿਲ ਗਈ। ਦੋ ਜਵਾਨੀਆਂ ਦੀ ਪਾਕ ਮੁਹੱਬਤ ਨੂੰ ਉਨ੍ਹਾਂ ਪ੍ਰਵਾਨ ਨਾ ਕੀਤਾ। ਮਹੀਂਵਾਲ ਨੂੰ ਚਾਕਰੀਓਂ ਜਵਾਬ ਮਿਲ ਗਿਆ ਅਤੇ ਸੋਹਣੀ ਨੂੰ ਉਨ੍ਹਾਂ ਗੁਜਰਾਤ ਦੇ ਇਕ ਹੋਰ ਘੁਮਾਰਾਂ ਦੇ ਮੁੰਡੇ ਨਾਲ ਵਿਆਹ ਦਿੱਤਾ।

ਸੋਹਣੀ ਮਹੀਂਵਾਲ ਲਈ ਤੜਪਦੀ ਰਹੀ, ਮਹੀਂਵਾਲ ਸੋਹਣੀ ਦੇ ਵੈਰਾਗ ਵਿੱਚ ਹੰਝੂ ਕੇਰਦਾ ਰਿਹਾ! ਝੂਠੀ ਲੋਕ ਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ, ਦੋ ਰੂਹਾਂ ਘਾਇਲ ਕਰ ਦਿੱਤੀਆਂ!

ਇਜ਼ਤ ਬੇਗੋਂ ਮਹੀਂਵਾਲ ਬਣਿਆਂ ਮਹੀਂਵਾਲ, ਮਹੀਂਵਾਲੋਂ ਫ਼ਕੀਰ ਬਣ ਗਿਆ ਤੇ ਗੁਜਰਾਤ ਤੋਂ ਵਜ਼ੀਰਾ ਬਾਦ ਦੇ ਪਾਸੇ ਇਕ ਮੀਲ ਦੀ ਦੂਰੀ ਤੇ ਦਰਿਆ ਦੇ ਪਾਰਲੇ ਕੰਢੇ ਝੁੱਗੀ ਜਾ ਪਾਈ।

ਸੋਹਣੀ ਹੁਣ ਆਪਣੇ ਸੁਹਰੇ ਘਰ ਰਹਿ ਰਹੀ ਸੀ! ਇਕ ਦਿਨ ਫ਼ਕੀਰ ਬਣਿਆ ਮਹੀਂਵਾਲ ਸੋਹਣੀ ਨੂੰ ਜਾ ਮਿਲਿਆ ਤੇ ਉਨ੍ਹਾਂ ਹਰ ਰੋਜ਼ ਅੱਧੀ ਰਾਤ ਮਗਰੋਂ ਝਨਾ ਦੇ ਕੰਢੇ ਮਿਲਣਾ ਨੀਯਤ ਕਰ ਲਿਆ।

ਅੱਧੀ ਰਾਤ ਗੁਜ਼ਰਦੀ, ਸੋਹਣੀ ਆਪਣੇ ਘਰਦਿਆਂ ਤੋਂ ਚੋਰੀ ਉਠਦੀ ਤੇ ਇਕ ਜਲ ਬੇਲੇ ਦੇ ਤਰਾਹ ਤਰਾਹ ਕਰ ਰਹੇ ਸੁਨਸਾਨ ਰਾਹਾਂ ਵਿੱਚੋਂ ਲੰਘਦੀ ਹੋਈ ਆਪਣੇ ਮਹੀਂਵਾਲ ਨੂੰ ਜਾ ਮਿਲਦੀ। ਮਹੀਂਵਾਲ ਪਾਰੋਂ ਕਾਲ਼ੀ ਬੋਲ਼ੀ ਰਾਤ ਵਿੱਚ ਝਨਾਂ ਪਾਰ

ਕਰਕੇ ਆਉਂਦਾ।

ਪੰਜਾਬ ਦੇ ਲੋਕ ਨਾਇਕ/33