ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਤਾਰਿਆਂ ਜੜੇ ਚੰਦੋਏ ਦੀ ਛਾਂ ਥੱਲੇ ਦੋ ਘਾਇਲ ਰੂਹਾਂ ਮਿਲਦੀਆਂ, ਪਿਆਰੀਆਂ, ਰਸ ਭਰੀਆਂ ਤੇ ਨਾ ਮੁੱਕਣ ਵਾਲੀਆਂ ਗੱਲਾਂ ਕਰਦੀਆਂ।

ਇਕ ਰਾਤ ਝਨਾਂ ਪਾਰ ਕਰੇਂਦੇ ਮਹੀਂਵਾਲ ਦੇ ਤੰਦੂਏ ਨੇ ਚੱਕ ਮਾਰਿਆ ਤੇ ਉਹਦਾ ਪਟ ਚੀਰ ਸੁੱਟਿਆ। ਹੁਣ ਮਹੀਂਵਾਲ ਲਈ ਤੈਰਨਾ ਮੁਸ਼ਕਿਲ ਹੋ ਗਿਆ ਸੀ।

ਅਗਲ਼ੀ ਰਾਤ ਸੋਹਣੀਂ ਆਪਣੇ ਨਾਲ਼ ਮਿੱਟੀ ਦਾ ਪੱਕਾ ਘੜਾ ਲੈ ਗਈ। ਘੜੇ ਦੀ ਮਦਦ ਨਾਲ ਉਹਨੇ ਝਨਾਂ ਪਾਰ ਕੀਤਾ ਤੇ ਮਹੀਂਵਾਲ ਦੀ ਝੁੱਗੀ ਵਿੱਚ ਜਾ ਪੁੱਜੀ। ਮਹੀਂਵਾਲ ਸੋਹਣੀ ਨੂੰ ਮਿਲ ਕੇ ਆਪਣੀ ਪੀੜ ਭੁੱਲ ਗਿਆ, "ਤੈਨੂੰ ਪਾ ਕੇ, ਸੋਹਣੀਏਂ ਮੇਰਾ ਦੁਖ ਅੱਧਾ ਰਹਿ ਗਿਐ! ਤੂੰ ਤਾਂ ਮਰਦਾਂ ਨਾਲ਼ੋਂ ਵੀ ਤਕੜੀ ਨਿਕਲੀ ਏਂ, ਐਡੀ ਕਾਲ਼ੀ ਬੋਲ਼ੀ ਰਾਤ ਵਿੱਚ ਐਡੇ ਵੱਡੇ ਦਰਿਆ ਨੂੰ ਪਾਰ ਕਰਨਾ ਇਕ ਔਰਤ ਲਈ ਬਹੁਤ ਵੱਡੀ ਗੱਲ ਏ....."

ਸੋਹਣੀ ਮਹੀਂਵਾਲ ਦੀ ਬੁੱਕਲ ਵਿੱਚ ਮਚਲ ਰਹੀ ਸੀ।

"ਜਿੱਥੇ ਵੀ ਮੇਰਾ ਮਹੀਂਵਾਲ ਆਵਾਜ਼ ਮਾਰੇਗਾ, ਮੈਂ ਉੱਥੇ ਪੁੱਜਾਂਗੀ! ਇਹ ਦਰਿਆ ਪਾਰ ਕਰਨਾ ਤਾਂ ਕੁਝ ਵੀ ਗੱਲ ਨਹੀਓਂ.....!"

ਉਹ ਹਰ ਰੋਜ਼ ਦਰਿਆ ਪਾਰ ਕਰਕੇ ਮਹੀਂਵਾਲ ਪਾਸ ਜਾਂਦੀ ਅਤੇ ਆਉਂਦੀ ਹੋਈ ਘੜਾ ਸਰਕੜੇ ਦੇ ਇਕ ਬੂਝੇ ਵਿੱਚ ਲੁਕੋ ਦੇਂਦੀ!

ਸੋਹਣੀ ਦੇ ਹਰ ਰੋਜ਼ ਅੱਧੀ ਰਾਤੋਂ ਬਾਹਰ ਜਾਣ ਤੇ ਉਹਦੀ ਨਨਾਣ ਨੂੰ ਸ਼ੱਕ ਹੋ ਗਿਆ। ਇਕ ਦਿਨ ਉਹ ਵੀ ਸੋਹਣੀ ਦੇ ਮਗਰ ਟੁਰ ਪਈ। ਸੋਹਣੀ ਨੂੰ ਆਪਣੇ ਮਗਰ ਆਉਂਦੀ ਕਦਮਾਂ ਦੀ ਆਵਾਜ਼ ਵੀ ਸੁਣਾਈ ਦਿੱਤੀ। ਪਰੰਤੂ ਉਹਨੇ ਆਪਣੇ ਹੀ ਕਦਮਾਂ ਦੀ ਵਾਜ ਦਾ ਭੁਲੇਖਾ ਜਾਣ ਕੇ ਗੱਲ ਆਈ ਗਈ ਕਰ ਛੱਡੀ। ਸੋਹਣੀ ਦਰਿਆ ਤੇ ਪੁੱਜੀ, ਸਰਕੜੇ ਦੇ ਬੂਝੇ ਵਿੱਚੋਂ ਘੜਾ ਚੁੱਕਿਆ ਤੇ ਦਰਿਆ ਵਿੱਚ ਠਿਲ੍ਹ ਪਈ। ਉਹਦੀ ਨਨਾਣ ਦੂਰ ਖੜੀ ਸਭ ਕੁਝ ਤਕਦੀ ਰਹੀ! ਸੋਹਣੀ ਕੁਝ ਸਮੇਂ ਮਗਰੋਂ ਵਾਪਸ ਪਰਤੀ ਤੇ ਘੜਾ ਉਸੇ ਥਾਂ 'ਤੇ ਲੁਕੋ ਦਿੱਤਾ। ਉਹਦੀ ਨਨਾਣ ਛੋਪਲੇ ਛੋਪਲੇ ਕਦਮੀਂ ਸੋਹਣੀ ਤੋਂ ਪਹਿਲੋਂ ਘਰ ਪੁੱਜ ਗਈ।

ਦਿਨੇ ਨਨਾਣ ਨੇ, ਆਪਣੀ ਮਾਂ ਨੂੰ, ਸੋਹਣੀ ਦੇ ਦਰਿਆ ਪਾਰ ਕਰਕੇ ਮਹੀਂਵਾਲ ਨੂੰ ਮਿਲਣ ਜਾਣ ਦੀ ਸਾਰੀ ਵਾਰਤਾ ਜਾ ਸੁਣਾਈ।

ਅੱਧੀ ਰਾਤ ਲੰਘੀ, ਸੋਹਣੀ ਉੱਠੀ! ਬਾਹਰ ਘੁੱਪ ਹਨੇਰਾ ਪਸਰਿਆ ਹੋਇਆ ਸੀ! ਸਾਰੇ ਅਸਮਾਨ 'ਤੇ ਬੱਦਲ ਛਾਏ ਹੋਏ ਸਨ! ਪੂਰੇ ਜ਼ੋਰ ਦਾ ਠੱਕਾ ਵਗ ਰਿਹਾ ਸੀ। ਸੋਹਣੀ ਨੇ ਦਰੋਂ ਬਾਹਰ ਪੈਰ ਰੱਖਿਆ ਹੀ ਸੀ ਕਿ ਬਿਜਲੀ ਕੜਕੜਾਈ। ਉਹਦਾ ਦਿਲ ਕੰਬ ਗਿਆ ਪਰੰਤੂ ਉਸ ਪੈਰ ਪਿੱਛੇ ਨਾ ਮੋੜੇ। ਉਹਦਾ ਮਹੀਂਵਾਲ ਉਹਨੂੰ ਉਡੀਕਦਾ ਪਿਆ ਸੀ.... ਦੂਰ ਪਾਰਲੇ ਕੰਢੇ ਉਹਦਾ ਇੰਤਜਾਰ ਕਰ ਰਿਹਾ ਸੀ। ਉਹ ਆਪਣਾ ਦਿਲ ਤਕੜਾ ਕਰਕੇ ਤੁਰ ਪਈ। ਰਾਹ ਨਜ਼ਰੀਂ ਨਹੀਂ ਸੀ ਪੈਂਦਾ। ਰਾਹ ਵਿੱਚ ਅਨੇਕਾਂ

ਪੰਜਾਬ ਦੇ ਲੋਕ ਨਾਇਕ/34