ਕੀਮਾ ਮਲਕੀ
ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ "ਗੜ੍ਹ ਮੁਗਲਾਣੇ ਦੀਆਂ ਨਾਰਾਂ ਪੀਘਾਂ ਝੂਟਦੀਆਂ" ਵਾਲ਼ਾ ਰੀਕਾਰਡ ਸੁਣ ਕੇ ਆਨੰਦ ਨਾ ਮਾਣਿਆ ਹੋਵੇ। ਦੋ ਤਿੰਨ ਦਹਾਕੇ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਮੰਗਣੇ ਵਿਆਹ ਜਾਂ ਕਿਸੇ ਹੋਰ ਖ਼ੁਸ਼ੀ ਦੇ ਅਵਸਰ 'ਤੇ ਕੋਠਿਆਂ ਦੀਆਂ ਛੱਤਾਂ ਉੱਤੇ ਲਾਊਡ ਸਪੀਕਰ ਰੱਖ ਕੇ ਰੀਕਾਰਡ ਸੁਨਣ ਦਾ ਆਮ ਰਿਵਾਜ਼ ਸੀ। ਕਈ-ਕਈ ਦਿਨ ਮਸ਼ੀਨੀ ਤਵਿਆਂ ਨੇ ਰੌਣਕਾਂ ਲਾਈ ਰੱਖਣੀਆਂ। ਜਦੋਂ "ਗੜ੍ਹ ਮੁਗਲਾਣੇ ਦੀਆਂ ਨਾਰਾਂ ਪੀਂਘਾਂ ਝੂਟਦੀਆਂ" ਵਾਲਾ ਰੀਕਾਰਡ ਵੱਜਣਾ ਤਾਂ ਕੀਮਾ-ਮਲਕੀ ਦੀ ਮੁਹੱਬਤ ਨੇ ਸਰੋਤਿਆਂ ਦੇ ਦਿਲਾਂ ਵਿੱਚ ਅਨੂਠੀਆਂ ਤਰਬਾਂ ਛੇੜ ਦੇਣੀਆਂ ਅਤੇ ਵਫ਼ਾ ਦੀ ਸਾਖਸ਼ਾਤ ਮੂਰਤ, ਸਿਦਕਵਾਨ ਮਲਕੀ ਦੇ ਹੁਸ਼ਨਾਕ ਚਿਹਰੇ ਨੇ ਮਨਾਂ ਦੀਆਂ ਅੱਖਾਂ ਅੱਗੇ ਆ ਸਾਕਾਰ ਰੂਪ ਧਾਰਨਾ।
ਮਲਕੀ ਸਿੰਧ ਦੇ ਇਲਾਕੇ ਦੇ ਪਿੰਡ ਗੜ੍ਹ ਮੁਗਲਾਣੇ ਦੇ ਖਾਂਦੇ-ਪੀਂਦੇ ਵੜੈਚ ਜੱਟ ਰਾਏ ਮੁਬਾਰਕ ਅਲੀ ਦੀ ਲਾਡਲੀ ਧੀ ਸੀ। ਉਸ ਦਾ ਬਾਪ ਪਿੰਡ ਦਾ ਚੌਧਰੀ ਤੇ ਨੰਬਰਦਾਰ ਸੀ ਅਤੇ ਉਹਦਾ ਚਾਚਾ ਦਰੀਆ ਅਕਬਰ ਬਾਦਸ਼ਾਹ ਦੇ ਰਾਜ ਦਰਬਾਰ ਵਿੱੱਚ ਸੂਬੇਦਾਰ ਸੀ। ਰਾਏ ਮੁਬਾਰਕ ਦੇ ਦੋ ਗੇਲੀਆਂ ਵਰਗੇ ਪੁੱਤਰ ਸਨ
ਅਖਤੂ ਤੇ ਬਖਤੂ। ਸਰਕਾਰੇ ਦਰਬਾਰੇ ਚੌਧਰੀ ਦੀ ਚੰਗੀ ਪੁੱਛ ਪ੍ਰਤੀਤ ਹੋਣ ਕਰਕੇ ਉਹਨਾਂ ਦਾ ਇਲਾਕੇ ਵਿੱਚ ਚੰਗਾ ਦਬਦਬਾ ਸੀ! ਘਰ ਵਿੱਚ ਕਿਸੇ ਕਿਸਮ ਦੀ ਤੋਟ ਨਹੀਂ ਸੀ, ਚਾਰੇ ਬੰਨੇ ਸੱਭੇ ਖ਼ੈਰਾਂ ਸਨ। ਦੋਨੋਂ ਪੁੱਤਰ ਵਿਆਹੇ ਹੋਏ ਸਨ ਮਲਕੀ ਦੀ ਮਾਂ ਜਮਾਲੋ ਪਰਿਵਾਰਕ ਸੁੱਖ ਭੋਗ ਰਹੀ ਸੀ। ਉਸ ਨੂੰ ਕੇਵਲ ਇਕ ਗੱਲ ਦੀ ਚਿੰਤਾ ਸੀ ਕੌੜੀ ਵੇਲ ਵਾਂਗ ਵੱਧ ਰਹੀ ਮਲਕੀ ਲਈ ਵਰ ਲੱਭਣ ਦੀ.... ਮਲਕੀ ਤੇ ਆਏ ਦਿਨ ਲੋਹੜੇ ਦਾ ਰੂਪ ਚੜ੍ਹ ਰਿਹਾ ਸੀ ਤੇ ਉਸ ਦੇ ਹੁਸਨ ਦੀ ਚਰਚਾ ਸੱਥਾਂ ਵਿੱਚ ਹੋ ਰਹੀ ਸੀ:ਮਲਕੀ ਜਵਾਨ ਹੋਈ ਚੌਦਾਂ ਸਾਲ ਦੀ।
ਚਿਹਰੇ ਦੀ ਡਲ੍ਹਕ ਜਿਉਂ ਚਮਨ ਲਾਲ ਦੀ।
ਮੱਥਾ ਬਾਲਾ ਚੰਦ ਚੰਦ ਸ਼ਰਮਾਂਵਦਾ।
ਜ਼ੁਲਫ਼ਾਂ ਦਾ ਪੇਚ ਪੁੱਠੇ ਪੇਚ ਪਾਂਵਦਾ।
ਗੋਲ਼ ਗੋਲ਼ ਗੱਲ੍ਹਾ ਲੱਗਣ ਪਿਆਰੀਆਂ।
ਆਸ਼ਕਾਂ ਦੇ ਸੀਨੇ ਤੇ ਚੱਲਣ ਆਰੀਆਂ।
ਪਲਕਾਂ ਦੇ ਤੀਰ ਤੋੜਦੇ ਨੇ ਧੀਰ ਨੂੰ।
ਹੁਸਨ ਡੁਲਾਵੇ ਰਾਜਾ ਤੇ ਵਜ਼ੀਰ ਨੂੰ।
ਪੰਜਾਬ ਦੇ ਲੋਕ ਨਾਇਕ/43