ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/53

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਕੱਢ ਰਿਹਾ ਸੀ..... ਉਸ ਦੀ ਆਤਮਾ ਉਸ ਨੂੰ ਲਾਅਣਤਾਂ ਵੀ ਪਾ ਰਹੀ ਸੀ ਪਰਤੂ ਜਦੋਂ ਬੰਦਾ ਆਪਣੇ- ਆਪ ਤੋਂ ਡਿੱਗ ਪਵੇ ਉਹ ਆਪਣੇ ਪਰਾਏ ਦੀ ਪਛਾਣ ਭੁੱਲ ਜਾਂਦੈ.... ਆਪਣੀਆਂ ਧੀਆਂ ਵਰਗੀ ਭਤੀਜੀ ਤੇ ਜ਼ੁਲਮ ਕਰਦਿਆਂ ਉਸ ਨੂੰ ਭੋਰਾ ਵੀ ਸ਼ਰਮ ਨਹੀਂ ਸੀ ਮਹਿਸੂਸ ਹੋ ਰਹੀ। ਨਾ ਹੀ ਕਿਸੇ ਕਿਸਮ ਦਾ ਅਫ਼ਸੋਸ ਹੋ ਰਿਹਾ ਸੀ..... ਸਰਕਾਰੀ ਅਫ਼ਸਰਸ਼ਾਹੀ ਤੇ ਰਾਜ ਦਰਬਾਰ ਦੇ ਰੋਅਬ ਨੇ ਉਹਦਾ ਸਿਰ ਫੇਰ ਦਿੱਤਾ ਸੀ.....

ਰਾਏ ਮੁਬਾਰਕ, ਉਹਦੇ ਦੋਹਾਂ ਪੁੱਤਰਾਂ ਅਤੇ ਕੀਮੇ ਦੀਆਂ ਮੁਸ਼ਕਾਂ ਬੰਨ੍ਹ ਕੇ ਦਰੀਆ ਕਾਫ਼ਲੇ ਦੇ ਰੂਪ ਵਿੱਚ ਦਿੱਲੀ ਨੂੰ ਰਵਾਨਾ ਹੋ ਗਿਆ.... ਕੱਲੇ ਕੱਲੇ ਕੈਦੀ ਦੀ ਕਈ-ਕਈ ਸਿਪਾਹੀ ਨਿਗਰਾਨੀ ਕਰ ਰਹੇ ਸਨ। ਉਹਨਾਂ ਦਿਨਾਂ ਵਿੱਚ ਪੈਦਲ ਹੀ ਸਫ਼ਰ ਤੈਅ ਕਰਨਾ ਪੈਂਦਾ ਸੀ———ਅਫ਼ਸਰਸ਼ਾਹੀ ਘੋੜਿਆਂ, ਊਠਾਂ ਤੇ ਸਫ਼ਰ ਕਰਦੀ ਸੀ.... ਬੜਾ ਲੰਬਾ ਤੇ ਬਿਖੜਾ ਪੈਂਡਾ ਸੀ ਇਹ ਜ਼ੋਖ਼ਮ ਭਰਿਆ....

ਮਲਕੀ ਲਈ ਤਾਂ ਜਾਣੀਦਾ ਸਾਰਾ ਸੰਸਾਰ ਹੀ ਸੁੰਨਾ ਹੋ ਗਿਆ ਸੀ.... ਉਹਦਾ ਸਭੋ ਕੁਝ ਉੱਜੜ ਚੁੱਕਾ ਸੀ.... ਸਿਰ ਦਾ ਸਾਈਂ ਕੀਮਾ, ਬਾਪ ਤੇ ਭਰਾ ਕੈਦੀ ਬਣਾ ਕੇ ਦਿੱਲੀ ਨੂੰ ਲਜਾਏ ਜਾ ਰਹੇ ਸਨ। ਉਹਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ। ਉਸ ਨੂੰ ਕੁਝ ਵੀ ਅਹੁੜ ਨਹੀਂ ਸੀ ਰਿਹਾ, ਕਰੇ ਤਾਂ ਕੀ ਕਰੇ? ਕਿਹੜੀ ਬਣਤ ਬਣਾਵੇ ਜਿਸ ਨਾਲ਼ ਸਾਰੇ ਜਣੇ ਛੁੱਟ ਜਾਣ!

ਜਦੋਂ ਚਾਰੇ ਬੰਨੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਤਾਂ ਕਈ ਵਾਰ ਮਨੁੱਖ ਦੀਆਂ ਅੰਦਰੂਨੀ ਸ਼ਕਤੀਆਂ ਉਸ ਦਾ ਸਾਥ ਦੇਂਦੀਆਂ ਹਨ, ਆਤਮ ਵਿਸ਼ਵਾਸ ਅਜਿਹੀ ਸ਼ਕਤੀ ਹੈ ਜੋ ਮਨੁੱਖ ਨੂੰ ਕਦੀ ਡੋਲਣ ਨਹੀਂ ਦੇਂਦੀ।

ਮਲਕੀ ਜਿੰਨੀ ਸਰੀਰਕ ਤੌਰ ਤੇ ਨਰੋਈ ਸੀ ਉਤਨੀ ਹੀ ਉਹ ਅੰਦਰੋਂ ਮਜਬੂਤ ਸੀ। ਇਰਾਦੇ ਦੀ ਪੱਕੀ.... ਉਹਨੇ ਆਪਣੇ ਮਨ ਨਾਲ਼ ਪੱਕਾ ਫ਼ੈਸਲਾ ਕਰ ਲਿਆ ਕਿ ਉਹ ਅਦਲੀ ਰਾਜੇ ਅਕਬਰ ਦੇ ਦਰਬਾਰ ਵਿੱਚ ਜਾ ਕੇ ਫਰਿਆਦ ਕਰੇਗੀ....

ਮਲਕੀ ਨੇ ਗੇਰੂਏ ਬਸਤਰ ਪਹਿਨ ਕੇ ਸਾਧਣੀ ਦਾ ਰੂਪ ਧਾਰ ਲਿਆ। ਮੂੰਹ ਤੇ ਭਬੂਤੀ ਮਲ਼ ਲਈ। ਗਲ਼ ਵਿੱਚ ਮਾਲ਼ਾ, ਮੋਢੇ ਤੇ ਬਗਲੀ ਦੇ ਹੱਥ ਵਿੱਚ ਕਾਸਾ ਫੜ ਕੇ ਉਹ ਦਿੱਲੀ ਨੂੰ ਤੁਰ ਪਈ.... ਜਿਧਰ ਜਿਧਰ ਦਰੀਏ ਦਾ ਕਾਫ਼ਲਾ ਜਾ ਰਿਹਾ ਸੀ ਓਧਰ ਓਧਰ ਉਹਨਾਂ ਦੀ ਪੈੜ ਦੱਬਦੀ ਉਹਨਾਂ ਦੇ ਪਿੱਛੇ ਤੁਰੀ ਜਾ ਰਹੀ ਸੀ..... ਸੈਂਕੜੇ ਕੋਹਾਂ ਦਾ ਲੰਬਾ ਤੇ ਬਿਖੜਾ ਪੈਂਡਾ.... ਬੇਗ਼ਾਨੇ ਲੋਕ ਬੇਗਾਨੀ ਧਰਤੀ...... ਪੈਰਾਂ 'ਚ ਬਿਆਈਆਂ ਫੱਟ ਗਈਆਂ.... ਮਲੂਕੜੇ ਪੈਰਾਂ 'ਚੋਂ ਲਹੂ ਸਿਮ ਸਿਮ ਜਾ ਰਿਹਾ ਸੀ ਪਰੰਤੂ ਉਸ ਦੇ ਆਤਮ ਵਿਸ਼ਵਾਸ ਨੇ ਉਹਨੂੰ ਥਿੜਕਣ ਨਹੀਂ ਸੀ ਦਿੱਤਾ। ਰਾਹ ਦੀਆਂ ਦੁਸ਼ਵਾਰੀਆਂ ਨੂੰ ਉਹ ਖਿੜੇ ਮੱਥੇ ਸਰ ਕਰ ਰਹੀ ਸੀ...... ਉਹਦਾ ਨੂਰਾਨੀ ਚਿਹਰਾ ਦਗ ਦਗ ਪਿਆ ਕਰਦਾ ਸੀ।

ਵਾਟਾਂ ਕੱਛਦਾ ਦਰੀਏ ਦਾ ਕਾਫ਼ਲਾ ਕੁਰੂਕਸ਼ੇਤਰ ਦੀ ਧਰਤੀ 'ਤੇ ਥਾਨੇਸਰ ਦੇ

ਪੰਜਾਬ ਦੇ ਲੋਕ ਨਾਇਕ/49