ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/54

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪੜਾ 'ਤੇ ਜਾ ਪੁੱਜਾ ..... ਮਲਕੀ ਵੀ ਮਗਰੇ ਪਹੁੰਚ ਗਈ। ਉਹਨੇ ਭਿੱਛਿਆ ਮੰਗਣ ਲਈ ਇਕ ਮਹਿਲ ਅੱਗੇ ਜਾ ਅਲਖ ਜਗਾਈ। ਦੇਵਨੇਤ ਨਾਲ਼ ਇਹ ਮਹਿਲ ਅਕਬਰ ਦੀ ਰਾਜਪੂਤ ਰਾਣੀ ਦੀ ਧੀ ਜਮਨਾ ਦਾ ਸੀ। ਭਿੱਛਿਆ ਪਾਉਣ ਆਈ ਜਮਨਾ ਦੀ ਗੋਲੀ ਨੇ ਭਰ ਜ਼ੋਬਨ ਮੁਟਿਆਰ ਜੋਗਣ ਦੇ ਦਰਦ ਨੂੰ ਮਹਿਸੂਸ ਕਰਦਿਆਂ ਪੁੱਛਿਆ।

ਪੁੱਛਦੀ ਹੈ ਗੋਲੀ ਕਿਧਰੋਂ ਤੂੰ ਆਈ ਨੀ
ਚੰਦ ਜਿਹੇ ਮੁਖ ਤੇ ਸਵਾਹ ਲਾਈ ਨੀ
ਕਿਹੜੀ ਗੱਲੋਂ ਭੈਣਾਂ ਤੂੰ ਹੋਈ ਫ਼ਕੀਰ ਨੀ
ਤਨ ਤੇ ਨਾ ਕੋਈ ਦਿਸਦੀ ਨਾ ਲੀਰ ਨੀ
ਦੱਸ ਤੈਨੂੰ ਕਿਸ ਨੇ ਮੰਗਣ ਚਾੜ੍ਹਿਆ
ਹੁੰਦਾ ਏ ਮਲੂਮ ਦੁੱਖਾਂ ਨੇ ਲਤਾੜਿਆ
ਹੁਸਨ ਕਮਾਲ ਨੀ ਪਰੀ ਦੇ ਤੁਲ ਦਾ
ਇਕ ਇਕ ਨੈਣ ਨੀ ਕਰੋੜ ਮੁੱਲ ਦਾ।(ਬਖ਼ਸ਼ੀ ਈਸਾਈ)

ਗੋਲੀ ਮਲਕੀ ਨੂੰ ਆਪਣੀ ਰਾਣੀ ਜਮਨਾ ਦੇ ਕੋਲ ਲੈ ਗਈ। ਮਲਕੀ ਦੀ ਸੂਰਤ ਵੇਖ ਜਮਨਾ ਦੇ ਮਨ ਵਿੱਚ ਸੁੱਤੀ ਵੇਦਨਾ ਜਾਗ ਪਈ, ਉਹਨੂੰ ਇੰਜ ਜਾਪਿਆ ਜਿਵੇਂ ਉਹ ਉਹਦੀ ਨਿੱਕੀ ਭੈਣ ਹੋਵੇ ਦੁੱਖਾਂ ਨਾਲ਼ ਭੰਨੀ ਹੋਈ..... ਤਰਸ ਭਰੀਆਂ ਨਜ਼ਰਾਂ ਨਾਲ਼ ਨਿਹਾਰਦੀ ਹੋਈ ਜਮਨਾ ਨੇ ਉਹਨੂੰ ਆਪਣੀ ਵੇਦਨਾ ਸੁਣਾਉਣ ਲਈ ਆਖਿਆ। ਮਲਕੀ ਨੇ ਬਿਨਾਂ ਕਿਸੇ ਸੰਕੋਚ ਤੋਂ ਸਾਰੀ ਵਿੱਥਿਆ ਸੁਣਾ ਦਿੱਤੀ ਤੇ ਇਹ ਵੀ ਦੱਸ ਦਿੱਤਾ ਕਿ ਉਹਦਾ ਚਾਚਾ ਦਰੀਆ ਉਸ ਨੂੰ ਬਾਦਸ਼ਾਹ ਅਕਬਰ ਨਾਲ਼ ਪਰਨਾਉਣਾ ਚਾਹੁੰਦਾ ਹੈ ਜਿਸ ਕਰਕੇ ਉਹ ਉਹਦੇ ਬਾਪ, ਭਰਾਵਾਂ ਅਤੇ ਉਹਦੇ ਪਤੀ ਨੂੰ ਬੰਦੀ ਬਣਾਂ ਕੇ ਲਿਆਇਆ ਹੈ!

ਜਮਨਾ ਆਪਣੇ ਬੁੱਢੇ ਬਾਪ ਦੇ ਸ਼ੌਕਾਂ ਤੋਂ ਭਲੀ ਪ੍ਰਕਾਰ ਜਾਣੂ ਸੀ.... ਸ਼ਹਿਜ਼ਾਦਾ ਸਲੀਮ ਦੀ ਮਹਿਬੂਬਾ ਅਨਾਰਕਲੀ ਨੂੰ ਅਕਬਰ ਨੇ ਇਸ ਲਈ ਮਰਵਾ ਦਿੱਤਾ ਸੀ ਕਿਉਂਕਿ ਉਹ ਉਸ ਦੀ ਰਖੇਲ ਨਹੀਂ ਸੀ ਬਣੀ। ਜਮਨਾ ਆਪਣੀ ਬੁੱਢੀ ਮਾਂ ਲਈ ਨਵੀਂ ਸੌਂਕਣ ਕਿਵੇਂ ਬਰਦਾਸ਼ਤ ਕਰ ਸਕਦੀ ਸੀ। ਦਰੀਏ ਦੀ ਇਹ ਕਰਤੂਤ ਸੁਣ ਕੇ ਉਹ ਗੁੱਸੇ ਨਾਲ਼ ਲਾਲ਼ ਪੀਲ਼ੀ ਹੋ ਗਈ ਤੇ ਦਰੀਏ ਨੂੰ ਤੁਰੰਤ ਆਪਣੇ ਮਹਿਲੀਂ ਬੁਲਾ ਕੇ ਬੰਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਸੁਣਾ ਦਿੱਤਾ। ਮਲਕੀ ਨੂੰ ਉਸ ਨੇ ਆਪਣੇ ਕੋਲ ਹੀ ਰੱਖ ਲਿਆ ਤੇ ਇਹ ਵਿਸ਼ਵਾਸ ਦਵਾਇਆ ਕਿ ਉਸ ਨੂੰ ਬਾਦਸ਼ਾਹ ਅਕਬਰ ਵੱਲੋਂ ਪੂਰਾ ਇਨਸਾਫ਼ ਮਿਲੇਗਾ।

ਦਰੀਏ ਦਾ ਨਿਸ਼ਾਨਾ ਤਾਂ ਅਕਬਰ ਦੇ ਦਰਬਾਰ ਵਿੱਚ ਉੱਚ ਪਦਵੀ ਪ੍ਰਾਪਤ ਕਰਨ ਦਾ ਸੀ..... ਉਹਦੇ ਲਈ ਅਕਬਰ ਦੀਆਂ ਨਜ਼ਰਾਂ ਵਿੱਚ ਬਾਗੀ ਦਰਸਾਏ ਗਏ ਬੰਦੀਆਂ ਲਈ ਉਹਦੀ ਧੀ ਦਾ ਹੁਕਮ ਮੰਨਣਾ ਜ਼ਰੂਰੀ ਨਹੀਂ ਸੀ। ਇਸ ਲਈ ਉਹ ਰਾਤੋ ਰਾਤ ਅਗਾਂਹ ਤੁਰ ਗਏ।

ਪੰਜਾਬ ਦੇ ਲੋਕ ਨਾਇਕ/50