ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/55

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅਗਲੀ ਸਵੇਰ ਜਮਨਾ ਨੂੰ ਕੈਦੀਆਂ ਦੇ ਅਗਾਂਹ ਤੋਰੇ ਜਾਣ ਦੀ ਖ਼ਬਰ ਮਿਲ ਗਈ! ਉਹਦਾ ਗੁੱਸਾ ਹੋਰ ਪ੍ਰਚੰਡ ਹੋ ਗਿਆ.... ਉਹਨੇ ਦਰੀਏ ਨੂੰ ਉਹਦੀ ਕਮੀਨਗੀ ਅਤੇ ਉਹਦਾ ਹੁਕਮ ਨਾ ਮੰਨਣ ਦਾ ਮਜ਼ਾ ਚਖਾਉਣ ਦਾ ਫ਼ੈਸਲਾ ਕਰ ਲਿਆ! ਉਹਨੇ ਮਲਕੀ ਦਾ ਫ਼ਕੀਰੀ ਭੇਸ ਉਤਰਵਾ ਦਿੱਤਾ ਤੇ ਨਵੇਂ ਨਕੋਰ ਵਸਤਰ ਪਹਿਨਾ ਕੇ ਆਪਣੇ ਨਾਲ਼ ਦਿੱਲੀ ਨੂੰ ਲੈ ਕੇ ਤੁਰ ਪਈ!

ਜਮਨਾ ਸਿੱਧੀ ਆਪਣੀ ਮਾਂ ਦੇ ਮਹਿਲ ਵਿੱਚ ਗਈ! ਉਸ ਨੂੰ ਦਰੀਏ ਦੇ ਕਮੀਨਗੀ ਭਰੇ ਛੜਯੰਤਰ ਤੋਂ ਜਾਣੂ ਕਰਵਾਇਆ! ਰਾਣੀ ਇਹ ਸੁਣ ਕੇ ਸਿਰ ਤੋਂ ਪੈਰਾਂ ਤੱਕ ਝੰਜੋੜੀ ਗਈ। ਆਪਣੀ ਧੀ ਤੋਂ ਵੀ ਘੱਟ ਉਮਰ ਦੀ ਮਲਕੀ ਨੂੰ ਆਪਣੀ ਸੌਂਕਣ ਦੇ ਰੂਪ ਵਿੱਚ ਚਿਤਵ ਕੇ ਉਹ ਕੰਬ ਗਈ!

ਹਨ੍ਹੇਰਾ ਗੂੜ੍ਹਾ ਹੋਇਆ। ਬਾਦਸ਼ਾਹ ਅਕਬਰ ਆਪਣੇ ਦਰਬਾਰ ਵਿੱਚੋਂ ਵਿਹਲਾ ਹੋ ਕੇ ਆਪਣੀ ਮਨਮੋਹਣੀ ਰਾਣੀ ਦੇ ਮਹਿਲ ਵਿੱਚ ਆਇਆ ਤਾਂ ਸਾਰੇ ਦੀਵੇ ਗੁੱਲ ਹੋਏ ਪਏ ਸਨ ਤੇ ਰਾਣੀ ਖਨਪੱਟੀ ਲਈ ਪਈ ਸੀ। ਅੱਜ ਪਹਿਲੀ ਵਾਰ ਸੀ ਜਦੋਂ ਰਾਣੀ ਨੇ ਉਸ ਨਾਲ ਅਜਿਹਾ ਵਰਤਾਓ ਕੀਤਾ ਸੀ। ਉਸ ਕੋਲੋਂ ਕਿਹੜੀ ਅਵੱਗਿਆ ਹੋ ਗਈ ਸੀ ਜਿਸ ਕਾਰਨ ਰਾਣੀ ਨੇ ਮੂੰਹ ਸੁਜਾਇਆ ਹੋਇਆ ਹੈ.... ਰਾਜੇ ਨੇ ਸੋਚਿਆ ਤੇ ਰਾਣੀ ਦੀ ਠੋਡੀ ਫੜ ਕੇ ਉਹਦਾ ਮੂੰਹ ਉਤਾਂਹ ਚੁੱਕਿਆ।

ਰਾਜੇ ਨੇ ਵੇਖਿਆ ਰਾਣੀ ਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਡਿਗ ਰਹੇ ਸਨ।

ਹੰਝੂ ਤਾਂ ਪੱਧਰ ਦਿਲਾਂ ਨੂੰ ਵੀ ਪਿਘਲਾ ਦੇਂਦੇ ਨੇ। ਅਕਬਰ ਕੀਹਦੇ ਪਾਣੀਹਾਰ ਸੀ.... ਉਹਨੇ ਝੱਟ ਦੇਣੇ ਰਾਣੀ ਨੂੰ ਆਪਣੀ ਬੁੱਕਲ 'ਚ ਘੁਟਦਿਆਂ ਕਿਹਾ, "ਮੇਰੀ ਜਾਨ, ਕੋਈ ਗੱਲ ਵੀ ਤਾਂ ਦੱਸੋ, ਕਿਹੜੀ ਗੱਲੋਂ ਸੋਹਣਿਆਂ ਨੇ ਅੱਖਾਂ ਸੁਜਾਈਆਂ ਨੇ।"

"ਰਾਜਨ!" ਰਾਣੀ ਗਲਾ ਸਾਫ਼ ਕਰਦਿਆਂ ਬੋਲੀ, "ਤੁਸੀਂ ਤੇ ਅਦਲੀ ਰਾਜਾ ਅਖਵਾਂਦੇ ਓ.... ਤੁਹਾਡੇ ਇਨਸਾਫ਼ ਦੀਆਂ ਧੁੰਮਾਂ ਚਾਰੇ ਜਗ ਰੌਸ਼ਨ ਨੇ, ਮੇਰੇ ਪਾਸੋਂ ਕਿਹੜੀ ਖ਼ੁਨਾਮੀ ਹੋ ਗਈ ਹੈ ਜੋ ਤੁਸੀਂ ਇਕ ਨਵੀਂ ਸੌਂਕਣ ਲਿਆ ਕੇ ਮੈਨੂੰ ਸਜ਼ਾ ਦੇ ਰਹੇ ਹੋ!"

"ਰਾਣੀ ਕੀ ਬੁਝਾਰਤਾਂ ਪਾ ਰਹੀ ਏਂ ਸਪੱਸ਼ਟ ਗੱਲ ਕਰ।"

ਰਾਣੀ ਅਕਬਰ ਦੀ ਨਬਜ਼ ਨੂੰ ਬਖ਼ੂਬੀ ਪਛਾਣਦੀ ਸੀ। ਉਹ ਉਹਦੇ ਪੂਰੇ ਪ੍ਰਭਾਵ ਥੱਲੇ ਸੀ....ਬੋਲੀ, "ਰਾਜਨ ਮੈਂ ਰਾਜਪੂਤ ਜੱਟਾਂ ਦੀ ਧੀ ਆਂ। ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਜੱਟ ਜ਼ਿਮੀਂਦਾਰ ਜ਼ਾਇਦਾਦ ਪਿੱਛੇ ਆਪਣੇ ਸੱਕੇ ਭਰਾਵਾਂ ਨੂੰ ਵੱਢਣ ਲੱਗੇ ਭੋਰਾ ਕਿਰਕ ਨਹੀਂ ਕਰਦੇ। ਮੇਰੇ ਭੋਲੇ਼ ਪਾਤਸ਼ਾਹ ਤੁਹਾਨੂੰ ਪਤੈ ਤੁਹਾਡੇ ਦਰਬਾਰ ਦਾ ਸੂਬੇਦਾਰ ਦਰੀਆ ਆਪਣੇ ਵੱਡੇ ਭਰਾ ਰਾਏ ਮੁਬਾਰਕ ਦੀ ਜ਼ਾਇਦਾਦ ਨੂੰ ਹੜੱਪਣ ਅਤੇ ਉਹਦੀ ਨੰਬਰਦਾਰੀ ਹਥਿਆਉਣ ਖ਼ਾਤਰ ਉਹਨਾਂ ਤੇ ਰਾਜ ਦਰਬਾਰ ਵਿਰੁੱਧ ਬਗ਼ਾਵਤ ਦਾ ਝੂਠਾ ਇਲਜ਼ਾਮ ਲਾ ਕੇ ਉਹਨੂੰ ਤੇ ਉਹਦੇ ਦੋਹਾਂ ਪੁੱਤਰਾਂ ਨੂੰ ਬੰਦੀ ਬਣਾ ਲਿਆਇਐ

ਪੰਜਾਬ ਦੇ ਲੋਕ ਨਾਇਕ/51