ਕਾਕਾ ਪਰਤਾਪੀ
‘ਕਾਕਾ ਪਰਤਾਪੀ’ ਮਾਲਵੇ ਦੀ ਪ੍ਰਸਿੱਧ ਪ੍ਰੀਤ ਕਹਾਣੀ ਹੈ ਜੋ 1894-95 ਈਸਵੀ ਦੇ ਲਗਪਗ ਜ਼ਿਲਾ ਲੁਧਿਆਣੇ ਦੇ ਪਿੰਡ ਲੋਪੋਂ ਵਿਖੇ ਵਾਪਰੀ। ਇਸ ਪ੍ਰੇਮ ਕਹਾਣੀ ਨੂੰ ਈਸ਼ਰ ਸਿੰਘ, ਗੁਰਦਿੱਤ ਸਿੰਘ, ਛੱਜੂ ਸਿੰਘ ਅਤੇ ਗੋਕਲ ਚੰਦ ਆਦਿ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਰਾਹੀਂ ਬਿਆਨ ਕੀਤਾ ਹੈ। ਇਨ੍ਹਾਂ ਕਿੱਸਿਆਂ ਤੋਂ ਉਪਰੰਤ ਕਾਕਾ ਪਰਤਾਪੀ ਬਾਰੇ ਕਈ ਲੋਕ ਗੀਤ ਵੀ ਮਿਲਦੇ ਹਨ।
ਲੋਪੋਂ ਪਿੰਡ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਪਿੰਡੋਂ ਬਾਹਰ ਢੱਕੀ ਵਿੱਚ ਤੀਆਂ ਪਾ ਰਹੀਆਂ ਸਨ। ਲੋਪੋਂ ਦੇ ਨਾਲ਼ ਲਗਦੇ ਪਿੰਡ ਰੁਪਾਲੋਂ ਦੇ ਸਰਦਾਰਾਂ ਦਾ ਛੈਲ-ਛਬੀਲਾ ਗੱਭਰੂ, ਜ਼ੈਲਦਾਰ ਕਾਹਨ ਸਿੰਘ ਦਾ ਪੁੱਤਰ ਕਾਕਾ ਕਿਰਪਾਲ ਸਿੰਘ ਚੀਨੀ ਘੋੜੀ 'ਤੇ ਅਸਵਾਰ ਸ਼ਿਕਾਰ ਖੇਡਦਾ ਖੇਡਦਾ ਢੱਕੀ ਵੱਲ ਆ ਨਿਕਲਿਆ, ਜਵਾਨੀ ਦੇ ਨਸ਼ੇ ਵਿੱਚ ਮੱਤੀਆਂ ਮੁਟਿਆਰਾਂ ਨੇ ਉਸ ਦਾ ਰਾਹ ਜਾ ਡੱਕਿਆ। ਹਾਸਿਆਂ ਤੇ ਮਖੌਲਾਂ ਦੀ ਛਹਿਬਰ ਲੱਗ ਗਈ। ਮੁਟਿਆਰਾਂ ਨੇ ਕਾਕੇ ਦੇ ਆਲ਼ੇ-ਦੁਆਲ਼ੇ ਘੇਰਾ ਘੱਤ ਲਿਆ। ਉਨ੍ਹਾਂ ਮੁਟਿਆਰਾਂ ਦੇ ਵਿਚਕਾਰ ਗੋਪਾਲੇ ਸੁਨਿਆਰ ਦੀ ਰੂਪਮਤੀ ਧੀ ਪਰਤਾਪੀ ਵੀ ਸੀ। ਸੁਨਿਆਰੀ ਪਰਤਾਪੀ ਦੇ ਹੁਸਨ ਨੇ ਕਾਕੇ ਨੂੰ ਚੁੰਧਿਆ ਦਿੱਤਾ। ਉਹ ਸੁਆਦ-ਸੁਆਦ ਹੋ ਉਠਿਆ। ਗੁੱਜਰ ਦਲੇਲ ਦੀ ਭੋਲੀ ਗੁਜਰੀ ਕਾਕੇ ਦੀ ਪਹਿਲਾਂ ਹੀ ਜਾਣੂੰ ਸੀ। ਉਸ ਮਸੀਂ ਮੁਟਿਆਰਾਂ ਪਾਸੋਂ ਉਹਦਾ ਖਹਿੜਾ ਛੁਡਾਇਆ। ਕਾਕੇ ਨੇ ਪਰਤਾਪੀ ਬਾਰੇ ਭੋਲੀ ਨਾਲ਼ ਗੱਲ ਕਰ ਲਈ।
ਮਹਿੰਦੀ ਰੱਤੇ ਹੱਥ ਫੇਰ ਹਰਕਤ ਵਿੱਚ ਆਏ। ਗਿੱਧਾ ਮੱਚ ਉਠਿਆ। ਸਾਰੇ ਵਾਯੂਮੰਡਲ ਵਿੱਚ ਲੋਕ ਬੋਲੀਆਂ ਦੀ ਮਿੱਠੀ ਸੁਗੰਧ ਖਿਲਰ ਗਈ। ਹਵਾ ਮਸਤ ਹੋ ਗਈ, ਇਸ਼ਕ ਫੁਆਰਾਂ ਵਹਿ ਟੁਰੀਆਂ। ਭੋਲੀ ਨੇ ਬੋਲੀ ਪਾਈ:
ਦਿਲ ਵਿੱਚ ਕਾਕਾ ਸੋਚਾਂ ਸੋਚਦਾ
ਜੋ ਮਛਲੀ ਬਣ ਜਾਵਾਂ
ਰਸ ਚੂਸਾਂ ਲਾਲ ਬੁੱਲ੍ਹੀਆਂ ਦਾ
ਭਰ ਭਰ ਘੁੱਟ ਲੰਘਾਵਾਂ
ਹੋਵਾਂ ਕੁੜਤੀ ਲੱਗ ਜਾਂ ਕਾਲਜੇ
ਠੰਢ ਸੀਨੇ ਮੈਂ ਪਾਵਾਂ
ਫੁੱਲ ਬਣ ਡੋਰੀ ਦਾ,
ਪਿੱਠ 'ਤੇ ਮੇਲ੍ਹਦਾ ਆਵਾਂ।
ਪੰਜਾਬ ਦੇ ਲੋਕ ਨਾਇਕ/53