ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/58

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸ਼ਾਮਾਂ ਪੈ ਗਈਆਂ ਸਨ। ਹਿਰਨੀਆਂ ਦੀ ਡਾਰ ਪਿੰਡ ਨੂੰ ਪਰਤ ਪਈ। ਹਰ ਮੁਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਹੋਈ ਕਾਕੇ ਬਾਰੇ ਗੱਲਾਂ ਕਰ ਰਹੀ ਸੀ। ਕੌਣ ਜਾਣੇ ਇਸ਼ਕ ਜੀ ਜਵਾਲਾ ਕਿਥੇ ਸੁਲਘਦੀ ਪਈ ਸੀ।


ਕੋਈ ਆਖੇ ਨੱਢੀ, ਨੀ ਮੇਰੇ ਵੱਲ ਵੇਖਦਾ ਸੀ
ਕੋਈ ਆਖੇ ਭੈਣੇ ਮੈਨੂੰ ਅੱਖਾਂ ਮਟਕਾ ਗਿਆ
ਕੋਈ ਆਖੇ ਮੈਨੂੰ ਨੀ ਬੁਲਾਵੇ ਨਾਲ ਸੈਨਤਾਂ ਦੇ
ਵੱਟੀ ਜਾਂ ਘੂਰੀ ਤਾਂ ਤਕ ਨੀਵੀਂ ਪਾ ਗਿਆ।
ਕੋਈ ਆਖੇ ਟੇਢੀ ਨਿਗਾ ਝਾਕਦਾ ਸੀ ਮੇਰੇ ਵੱਲ
ਸਾਹਮਣੇ ਮੈਂ ਝਾਕੀ ਜਦੋਂ ਅੱਖ ਨੀ ਚੁਰਾ ਗਿਆ।

(ਗੁਰਦਿਤ ਸਿੰਘ)

ਹੱਸਦੀਆਂ ਖੇਡਦੀਆਂ ਮੁਟਿਆਰਾਂ ਅਜੇ ਥੋੜੀ ਹੀ ਦੂਰ ਗਈਆਂ ਸਨ ਕਿ ਬਾਰਸ਼ ਦਾ ਛਰਾਟਾ ਇਕ ਦਮ ਆ ਗਿਆ। ਹਰਨੀਆਂ ਦੀ ਡਾਰ ਵਿੱਚ ਭਾਜੜ ਪੈ ਗਈ। ਭੋਲੀ ਤੇ ਪਰਤਾਪੀ ਪਿੰਡੋਂ ਬਾਹਰ ਹੀਰਾ ਸਿੰਘ ਜੱਟ ਦੇ ਸੁੰਨੇ ਕੋਠੇ ਵਿੱਚ ਜਾ ਵੜੀਆਂ। ਭੋਲੀ ਨੇ ਏਧਰ ਉਧਰ ਦੀਆਂ ਗੱਲਾਂ ਮਾਰਨ ਮਗਰੋਂ ਕਾਕੇ ਬਾਰੇ ਗੱਲ ਤੋਰੀ। ਪਰਤਾਪੀ ਅੰਦਰੋਂ ਲੱਡੂ ਭੋਰਦੀ ਪਈ ਸੀ ਪਰ ਬਾਹਰੋਂ:

ਆਖੇ ਪਰਤਾਪੀ ਨੀ ਤੂੰ ਭੋਲੀਏ ਮਖੌਲ ਕਰੇ
ਕੀਤਾ ਕੀ ਪਸੰਦ ਉਸ ਮੇਰਾ ਨੀ ਗੰਵਾਰ ਦਾ
ਜ਼ਾਤ ਦੀ ਕਮੀਨਣੀ, ਅਧੀਨਣੀ, ਗਰੀਬਣੀ ਮੈਂ
ਉਸ ਨੂੰ ਤੂੰ ਦੱਸਦੀ ਹੈਂ ਪੁੱਤ ਜ਼ੈਲਦਾਰ ਦਾ।
ਜੱਟਾਂ ਨਾਲ ਦੋਸਤੀ ਨਾ ਪੁੱਗਦੀ ਕਮੀਣਾਂ ਦੀ ਨੀ
ਖੇਤ, ਬੰਨੇ, ਬੀਹੀ, ਗਲੀ ਦੇਖ ਨੀ ਖੁੰਗਾਰਦਾ।
ਮੇਰੇ ਨਾ ਪਸੰਦ ਤੇਰੀ ਗੱਲ ਗੁਰਦਿੱਤ ਸਿੰਘਾ
ਮਿੱਟੀ ਪੱਟ ਦੇਵੇ ਜੱਟ ਜਦੋਂ ਨੀ ਹੰਕਾਰਦਾ

ਦੱਬੇ ਭਾਂਬੜ ਕਦ ਤੀਕਰ ਦਬਾਏ ਜਾ ਸਕਦੇ ਹਨ। ਆਖਰ ਜਵਾਲਾ ਫੁੱਟ ਪੈਂਦੀ ਹੈ:

ਤਨ ਮਨ ਮੇਰੇ ਦੀ ਭੁਲਾਈ ਸੁੱਧ ਨੱਢੜੇ ਨੇ
ਮਿੱਠਾ ਮਿੱਠਾ ਬੋਲ ਕੇ ਦਿਖਾ ਗਿਆ ਹੈ ਲੀਲ੍ਹਾ ਨੀ
ਫੁੱਲ ਨੀ ਗੁਲਾਬ ਵਾਂਗੂ ਰੰਗ ਮੇਰਾ ਓਸ ਵੇਲੇ
ਮੁਖੜਾ ਲੁਕਾਇਆ ਤਾਂ ਹੋਇਆ ਪਤ- ਪੀਲਾ ਨੀ
ਦੱਸਦੀ ਮੈਂ ਤੈਨੂੰ ਅੱਜ ਗੁਰਦਿੱਤ ਸਿੰਘਾਂ
ਲੁੱਟੀ ਨੀ ਮੈਂ ਲੁੱਟੀ ਲੁੱਟ ਲੈ ਗਿਆ ਰੰਗੀਲਾ ਨੀ।

ਪੰਜਾਬ ਦੇ ਲੋਕ ਨਾਇਕ/54