ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਗਲੀ ਭਲਕ ਭੋਲੀ ਨੇ ਕਾਕੇ ਨੂੰ ਸੁਨੇਹਾ ਭੇਜ ਕੇ ਰੁਪਾਲੋਂ ਤੋਂ ਸੱਦ ਲਿਆ। ਪਰਤਾਪੀ ਤੇ ਕਾਕੇ ਨੇ ਭੋਲੀ ਦੇ ਘਰ, ਲੱਗੀਆਂ ਤੋੜ ਨਿਭਾਣ ਦੇ ਕੌਲ ਕਰਾਰ ਕਰ ਲਏ। ਇਸ ਤਰ੍ਹਾਂ ਉਹ ਦੋਨੋਂ ਭੋਲੀ ਦੇ ਘਰ ਪਿਆਰ ਮਿਲਣੀਆਂ ਮਾਣਦੇ ਰਹੇ।

ਇਸ਼ਕ-ਮੁਸ਼ਕ ਛੁਪਾਇਆਂ ਕਦੇ ਛੁਪਦੇ ਨਹੀਂ। ਕਾਕਾ ਪਰਤਾਪੀ ਦੇ ਇਸ਼ਕ ਦਾ ਭੇਤ ਖੁੱਲ੍ਹ ਗਿਆ। ਪਰਤਾਪੀ ਦੀ ਮਾਂ ਨੰਦੋ ਦੇ ਕੰਨੀਂ ਵੀ ਭਿਣਕ ਪੈ ਗਈ:

ਭੋਲੀ ਦੇ ਘਰ ਮਿਲਦੇ ਦੋਵੇਂ
ਪਿੰਡ ਵਿੱਚ ਹੋਈਆਂ ਸਾਰਾਂ
ਕਾਕੇ ਨਾਲ਼ ਰਹੇ ਪਰਤਾਪੀ
ਗੱਲਾਂ ਕਰਦੀਆਂ ਨਾਰਾਂ
ਨੰਦੋ ਨੂੰ ਜਾ ਕਿਹਾ ਕਿਸੇ ਨੇ
ਤੈਨੂੰ ਬਾਤ ਉਚਾਰਾਂ
ਬਿਗੜ ਗਈ ਪਰਤਾਪੀ ਤੇਰੀ
ਘਰ ਘਰ ਫਿਰਗੀਆਂ ਤਾਰਾਂ
ਕਿਸੇ ਰੋਜ਼ ਨੂੰ ਚੰਦ ਚੜ੍ਹਾਵੇ
ਛੇਤੀ ਖਿੱਚ ਮੁਹਾਰਾਂ
ਇੱਜ਼ਤਾਂ ਰੋਲਦੀਆਂ
ਮਰਨ ਧੀਆਂ ਬਦਕਾਰਾਂ।

ਖੰਨੇ ਦੇ ਨਜ਼ਦੀਕ ਰਾਜੇਵਾਲ ਪਿੰਡ ਦੇ ਰਾਮ ਰਤਨ ਨਾਲ ਪਰਤਾਪੀ ਵਿਆਹੀ ਹੋਈ ਸੀ। ਪਰ ਅਜੇ ਉਹਦਾ ਮੁਕਲਾਵਾ ਨਹੀਂ ਸੀ ਹੋਇਆ। ਬਦਨਾਮੀ ਤੋਂ ਡਰਦਿਆਂ ਪਰਤਾਪੀ ਦੇ ਬਾਪ ਗੋਪਾਲੇ ਨੇ ਮੁਕਲਾਵੇ ਦਾ ਦਿਨ ਧਰ ਦਿੱਤਾ।

ਰਾਮ ਰਤਨ ਗੱਡੀ ਵਿੱਚ ਪਰਤਾਪੀ ਨੂੰ ਲਈ ਜਾ ਰਿਹਾ ਸੀ ਕਿ ਕਾਕੇ ਨੇ ਆਪਣੇ ਨਾਲ਼ ਕੁਝ ਬਦਮਾਸ਼ ਲਏ ਤੇ ਗੱਡੀ ਢੱਕੀ ਵਿੱਚ ਜਾ ਘੇਰੀ। ਉਹ ਪਰਤਾਪੀ ਨੂੰ ਸਣੇ ਗੱਡੀ ਆਪਣੇ ਪਿੰਡ ਰੁਪਾਲੋਂ ਲੈ ਆਇਆ।[1] ਗ਼ਰੀਬ ਸੁਨਿਆਰ ਜਗੀਰਦਾਰਾਂ ਦੇ ਅਤਿਆਚਾਰ ਦੀ ਤਾਬ ਨਾ ਝੱਲਦੇ ਹੋਏ ਖੰਨੇ ਦੇ ਥਾਣੇ ਜਾ ਰੋਏ, ਪਿੱਟੇ।

ਰੁਪਾਲੋਂ ਪੁਲੀਸ ਆਈ। ਕਾਹਨ ਸਿੰਘ ਦੀ ਇੱਜ਼ਦ ਦਾ ਸਵਾਲ ਸੀ। ਕਾਕੇ ਨੇ ਪਰਤਾਪੀ ਨੂੰ ਕਿਧਰੇ ਹੋਰ ਤੋਰ ਦਿੱਤਾ। ਚਾਂਦੀ ਦੇ ਛਣਕਦੇ ਰੁਪਿਆਂ ਨਾਲ਼ ਜ਼ੈਲਦਾਰ ਦੀ ਇੱਜ਼ਤ ਬਚਾ ਲਈ ਗਈ। ਪਰਤਾਪੀ ਬਰਾਮਦ ਨਾ ਹੋ ਸਕੀ। ਰਾਮ ਰਤਨ ਸਬਰ ਦਾ ਘੁੱਟ ਭਰਕੇ ਬਹਿ ਗਿਆ।

ਕਾਕਾ ਕਿਰਪਾਲ ਸਿੰਘ ਦੇ ਅਮੋੜ ਸੁਭਾਅ ਨੂੰ ਮੁੱਖ ਰੱਖਦਿਆਂ ਉਹਦੇ ਮਾਪਿਆਂ ਨੇ——————————

  1. ਜ਼ੋਰ ਸਰਦਾਰੀ ਦੇ, ਗੱਡੀ ਮੋੜਕੇ ਰੁਪਾਲੋਂ ਬਾੜੀ (ਲੋਕਗੀਤ)

ਪੰਜਾਬ ਦੇ ਲੋਕ ਨਾਇਕ/55