ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹਨੂੰ ਨਾਭਾ ਵਿਖੇ ਰਾਜਾ ਹੀਰਾ ਸਿੰਘ ਦੇ ਰਸਾਲੇ ਵਿੱਚ ਭਰਤੀ ਕਰਵਾ ਦਿੱਤਾ। ਕਾਕੇ ਨੇ ਪਰਤਾਪੀ, ਪਰਤਾਪੀ ਦੇ ਨਾਨਕੀਂ ਛੱਡ ਆਂਦੀ। ਉਥੋਂ ਉਹ ਵਿਛੋੜੇ ਦੀ ਅਗਨੀ ਵਿੱਚ ਸੜਦੀ ਹੋਈ ਲੋਪੋਂ ਆ ਗਈ।

ਨਾਭੇ ਤੋਂ ਪਰਤਾਪੀ ਨੂੰ ਕਾਕੇ ਦੇ ਸੁਖ-ਸੁਨੇਹੇ ਪੁੱਜਦੇ ਰਹੇ। ਉਹ ਹੁਣ ਨਾਭੇ ਕਾਕੇ ਕੋਲ ਨੱਸ ਜਾਣ ਦੀਆਂ ਵਿਉਂਤਾਂ ਬਣਾ ਰਹੀ ਸੀ। ਉਹ ਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ। "ਭੋਲੀਏ ਇੱਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ, ਮੇਰਾ ਲੂੰ ਲੂੰ ਜਲ ਰਿਹੈ, ਮੇਰੀ ਨੀਂਦ ਕਿਧਰੇ ਉਡ-ਪੁਡ ਗਈ ਐ। ਬਸ ਕਾਕਾ ਅੱਠੇ ਪਹਿਰ ਯਾਦ ਆਉਂਦਾ ਰਹਿੰਦੈ.... ਮੈਨੂੰ ਉਨੀ ਦੇਰ ਚੈਨ ਨਹੀਂ ਆਉਣੀ ਜਿੰਨੀ ਦੇਰ ਉਹਨੂੰ ਵੇਖ ਨਹੀਂ ਲੈਂਦੀ, ਖੌਰੇ ਉਹਦੀ ਕੀ ਹਾਲਤ ਹੋਵੇਗੀ। ਭੋਲੀਏ, ਮੈਨੂੰ ਨਾਭੇ ਪੁਚਾਣ ਦੀ ਕੋਈ ਸਕੀਮ ਸੋਚ-ਸਾਰੀ ਉਮਰ ਤੇਰਾ ਅਹਿਸਾਨ ਨਹੀਂ ਭੁੱਲਾਂਗੀ।" ਪਰਤਾਪੀ ਨੇ ਆਪਣਾ ਸਿਰ ਭੋਲੀ ਦੀ ਗੋਦੀ ਵਿੱਚ ਸੁੱਟ ਦਿੱਤਾ ਤੇ ਡੁਸਕਣ ਲੱਗ ਪਈ।

"ਅੜੀਏ ਹੌਸਲਾ ਕਰ, ਮੈਂ ਆਪਣੇ ਦਲੇਲ ਨਾਲ਼ ਗੱਲ ਕਰਕੇ ਤੇਰਾ ਕੋਈ ਬੰਦੋਬਸਤ ਕਰਦੀ ਆਂ....ਉਹ ਤੈਨੂੰ ਸਰਦਾਰ ਕੋਲ ਛੱਡ ਆਵੇਗਾ। ਹੁਣ ਪੂੰਝ ਛੱਡ ਇਹ ਹੰਝੂ।" ਭੋਲੀ ਨੇ ਹੌਸਲਾ ਦਿੱਤਾ।

"ਭੋਲੀਏ ਤੇਰਾ ਕਰਜ਼ ਕਿਵੇਂ ਚੁਕਾਵਾਂਗੀ?"

"ਬਸ ਦਿਲ ਦੀ ਭਾਫ ਦਿਲ ਵਿੱਚ ਹੀ ਰੱਖ। ਔਹ ਨਰੈਣੀ ਆਉਂਦੀ ਪਈ ਹੈ।"

ਭੋਲੀ ਨੇ ਪਰਤਾਪੀ ਦੀਆਂ ਅੱਖਾਂ ਵਿੱਚ ਅਨੋਖੀ ਚਮਕ ਵੇਖੀ ਤੇ ਬੁੱਲ੍ਹਾਂ ਵਿੱਚ ਮੁਸਕਰਾਈ।

ਆਥਣ ਸਮੇਂ ਭੋਲੀ ਨੇ ਆਪਣੇ ਘਰ ਵਾਲ਼ੇ ਦਲੇਲ ਗੁੱਜਰ ਨਾਲ਼ ਪਰਤਾਪੀ ਨੂੰ ਨਾਭੇ ਛੱਡ ਆਉਣ ਬਾਰੇ ਗੱਲ ਤੋਰੀ।

ਅਗਲੀ ਭਲ਼ਕ ਦਲੇਲ ਨੇ ਰੁਪਾਲੋਂ ਜਾ ਕੇ ਕਾਕੇ ਦੀ ਮਾਂ ਅਤਰੀ ਨੂੰ ਪਰਤਾਪੀ ਦੇ ਨਾਭੇ ਜਾਣ ਬਾਰੇ ਦੱਸ ਦਿੱਤਾ। ਪਰਤਾਪੀ ਦਾ ਕਾਕੇ ਕੋਲ਼ ਨਾਭੇ ਜਾਣਾ ਸੁਣ ਕੇ ਅਤਰੀ ਦੇ ਸਿਰ ਜਿਵੇਂ ਸੌ ਘੜਾ ਪਾਣੀ ਦਾ ਪੈ ਗਿਆ ਹੋਵੇ। ਉਹ ਮੱਥਾ ਫੜ੍ਹ ਕੇ ਬੈਠ ਗਈ। ਇਕ ਪਲ ਉਹ ਸੁੰਨ ਬੈਠੀ ਰਹੀ, ਆਖਰ ਉਸ ਦੇ ਬੁੱਲ੍ਹ ਕੰਬੇ, "ਨਹੀਂ, ਨਹੀਂ ਹੋਣ ਦਿਆਂਗੀ, ਜ਼ੈਲਦਾਰ ਕਾਹਨ ਸਿੰਘ ਦੀ ਨੂੰਹ ਕਮੀਣ ਸੁਨਿਆਰ ਦੀ ਧੀ ਨਹੀਂ ਬਣ ਸਕਦੀ। ਨਹੀਂ ਬਣ ਸਕਦੀ। ਜੇ ਪਰਤਾਪੀ ਕਾਕੇ ਦੇ ਵਸ ਗਈ ਤਾਂ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ ਵਿੱਚ ਮਿਲ਼ ਜਾਵੇਗੀ। ਅਸੀਂ ਵੱਡੇ ਸਰਦਾਰ ਕਿਸੇ ਪਾਸੇ ਵੀ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ। ਵੀਰ ਮੇਰਿਆ ਕੁੱਝ ਵੀ ਕਰ। ਸਾਡੀ ਇੱਜ਼ਤ ਬਚਾ ਤੂੰ ਅੱਗੇ ਵੀ ਸਾਡੇ ਤੇ ਬਹੁਤ ਅਹਿਸਾਨ ਕੀਤੇ ਨੇ। ਆਹ ਲੈ ਪੰਜ ਸੌ ਰੁਪਏ। ਪਰਤਾਪੀ ਨੂੰ ਕਿਧਰੇ ਮੁਕਾ ਛੱਡ। ਮੈਂ ਤੇਰੇ ਪੈਰੀਂ ਪੈਨੀ ਆਂ।" ਅਤਰੀ ਨੇ ਆਪਣੀ ਚੁੰਨੀ ਦਲੇਲ ਦੇ ਪੈਰਾਂ ਤੇ ਰੱਖ ਦਿੱਤੀ।

ਪੰਜਾਬ ਦੇ ਲੋਕ ਨਾਇਕ/56