ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਤਰੀ ਦੀ ਹਾਲਤ ਦਲੇਲ ਪਾਸੋਂ ਸਹਾਰੀ ਨਾ ਗਈ। ਐਡੇ ਵੱਡੇ ਜਗੀਰਦਾਰਾਂ ਦੀ ਬਹੂ ਰਾਣੀ ਉਹਦੇ ਅੱਗੇ ਝੋਲੀ ਅੱਡੀ ਖੜ੍ਹੀ ਸੀ। ਉਹਨੇ ਪਰਤਾਪੀ ਨੂੰ ਪਾਰ ਬੁਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ।

ਰੁਪਾਲੋਂ ਦੇ ਲਾਗਲੇ ਪਿੰਡ ਚੱਕ ਦਾ ਸਯਦ ਮੁਹੰਮਦ, ਦਲੇਲ ਦਾ ਯਾਰ ਸੀ। ਉਹ ਨੇ ਉਸ ਨੂੰ ਵੀ ਪਰਤਾਪੀ ਨੂੰ ਮਾਰਨ ਦੇ ਕਾਰਜ ਵਿੱਚ ਆਪਣਾ ਭਾਈਵਾਲ ਬਣਾ ਲਿਆ। ਅੰਨ੍ਹਾ ਲਾਲਚ ਚੰਗੇ ਭਲਿਆਂ ਨੂੰ ਵਿਗਾੜ ਦਿੰਦਾ ਹੈ।

ਦਲੇਲ ਨੇ ਭੋਲੀ ਹੱਥ ਪਰਤਾਪੀ ਨੂੰ ਤਿਆਰੀ ਕਰਨ ਲਈ ਸੁਨੇਹਾ ਭੇਜ ਦਿੱਤਾ। ਮਾਹੀ ਪਾਸ ਜਾਣ ਦਾ ਸੱਦਾ ਸੁਣ ਉਹ ਖਿੜੇ ਫੁੱਲ ਵਾਂਗ ਖਿੜ ਪਈ।

ਪੱਛਮ ਵੱਲ ਸੂਰਜ ਦੀ ਲਾਲੀ ਕਾਲ਼ੋਂ ਦਾ ਰੂਪ ਧਾਰ ਰਹੀ ਸੀ। ਤਾਰੇ ਲੁਕਣ ਮੀਟੀ ਖੇਡਣ ਲੱਗ ਪਏ ਸਨ। ਦਲੇਲ ਵਿਛੜੀ ਕੁੰਜ ਨੂੰ ਨਾਲ਼ ਲੈ ਚਾਵਾ-ਪੈਲ ਸਟੇਸ਼ਨ ਨੂੰ ਤੁਰ ਪਿਆ। ਲੋਪੋਂ ਤੋਂ ਚਾਵਾ-ਪੈਲ ਤੀਕਰ ਟਿੱਬੇ ਹੀ ਟਿੱਬੇ ਸਨ। ਪਰਤਾਪੀ ਟਿੱਬਿਆਂ ਦੀ ਕੋਈ ਪ੍ਰਵਾਹ ਨਹੀਂ ਸੀ ਕਰ ਰਹੀ। ਅੱਜ ਉਹ ਸਾਰੇ ਦਿਨਾਂ ਨਾਲੋਂ ਖਿੜਵੇਂ ਰੌਂਅ ਵਿੱਚ ਸੀ। ਉਹ ਭੋਲੀ ਦਾ ਲੱਖ ਲੱਖ ਸ਼ੁਕਰ ਕਰ ਰਹੀ ਸੀ। ਪਿਆਰੇ ਦੇ ਮਿਲਾਪ ਲਈ ਉਹਦਾ ਦਿਲ ਬਿਹਬਲ ਹੋ ਰਿਹਾ ਸੀ। ਉਹ ਇਹ ਨਹੀਂ ਸੀ ਜਾਣਦੀ ਕਿ ਹੋਣੀ ਕੀ ਭਾਣਾ ਵਰਤਾਣ ਲੱਗੀ ਹੈ:

ਟਿੱਬੇ ਦੇ ਵਿੱਚ ਜਾ ਵੜੇ, ਉਤੋਂ ਰਾਤ ਗੁਬਾਰ।
ਖ਼ਬਰ ਨਾ ਕੋਈ ਰੰਨ ਨੂੰ, ਹੈ ਕਰਮਾਂ ਦੀ ਹਾਰ।
ਮਨ ਵਿੱਚ ਰੰਨ ਦੇ ਹੌਂਸਲਾ, ਕਦਮ ਧਰੇ ਇਕਸਾਰ।
ਦਿੱਲ ਵਿੱਚ ਲੱਡੂ ਫੁੱਟਦੇ, ਮਿਲਣਾ ਕਾਕੇ ਯਾਰ।
ਆਖੇ ਅੱਜ ਦਲੇਲ ਵੇ, ਤੈਂ ਮੈਂ ਦਿੱਤੀ ਤਾਰ।
ਦਰਸ਼ਣ ਹੋਵੇ ਪੀਆ ਦਾ, ਬੇੜੇ ਹੋਵਣ ਪਾਰ।
ਖ਼ਬਰ ਨਾ ਕੋਈ ਪਾਪ ਦੀ, ਗੁੱਜਰ ਵਿੱਚ ਹੰਕਾਰ।
ਸੀਟੀ ਮਾਰ ਦਲੇਲ ਨੇ, ਸੱਯਦ ਕੀਤੀ ਸਾਰ।
ਦੂਰੋਂ ਆਇਆ ਕੁੱਦਕੇ, ਸੱਯਦ ਖਾਕੇ ਖਾਰ।
ਟੱਪਦਾ ਵਾਂਙੂੰ ਭੂਤਨੇ, ਕਰਦਾ ਮਾਰੋ ਮਾਰ।
ਘੇਰਾ ਪਾ ਕੇ ਅੱਗਿਓਂ, ਬੋਲ ਪਿਆ ਲਲਕਾਰ।
ਫੜ ਲੈ ਰੰਨ ਦਲੇਲ ਤੂੰ, ਟੁਕੜੇ ਕਰਦੇ ਚਾਰ।
ਸੁਣ ਕੇ ਰਮਜ਼ ਦਲੇਲ ਨੇ, ਖਿੱਚ ਲਈ ਤਲਵਾਰ।
ਸਹਿਮ ਗਈ ਜਿੰਦ ਰੰਨ ਦੀ, ਫਿਰੀ ਕਲੇਜੇ ਤਾਰ।
ਦਿਲ ਵਿੱਚ ਸਮਝੇ ਓਸ ਨੇ, ਹੱਸਦੇ ਦੋਵੇਂ ਯਾਰ
ਹੱਸ ਕੇ ਕਿਹਾ ਦਲੇਲ ਨੂੰ, ਦੂਜਾ ਕੌਣ ਪੁਕਾਰ।
ਗੁੱਜਰ ਆਖੇ ਅੱਗਿਓਂ - ਤੇਰੀ ਮਾਂ ਦਾ ਯਾਰ

ਪੰਜਾਬ ਦੇ ਲੋਕ ਨਾਇਕ/57