ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/63

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਾਹਰ ਬੈਠੀਆਂ ਔਰਤਾਂ ਪਾਸ ਚੋਰੀ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਹਿੰਦਾ। ਇਕ ਦਿਨ ਉਸ ਨੂੰ ਪਰਤਾਪੀ ਦੇ ਭੋਲੀ ਨਾਲ਼ ਸਹੇਲਪੁਣੇ ਦਾ ਪਤਾ ਲੱਗਾ। ਉਹਨੇ ਭੋਲੀ ਜਾ ਫੜੀ। ਭੋਲੀ ਨੇ ਪਰਤਾਪੀ ਦੇ ਦਲੇਲ ਨਾਲ਼ ਨਾਭੇ ਜਾਣ ਦੀ ਗੱਲ ਦੱਸ ਦਿੱਤੀ। ਅੱਗੋਂ ਦਲੇਲ ਗੁੱਜਰ ਨੇ ਵਾਅਦਾ ਮੁਆਫ ਗਵਾਹ ਬਣ ਕੇ ਸਾਰੀ ਘਟਨਾ ਸੁਣਾ ਦਿੱਤੀ।

ਕਾਕਾ ਕਿਰਪਾਲ ਸਿੰਘ ਦੀ ਮਾਂ ਅਤਰੀ ਅਤੇ ਸੱਯਦ ਮੁਹੰਮਦ ਸ਼ਾਹ ਹੋਰੀਂ ਫੜ ਲਏ ਗਏ।

ਹੁਣ ਸੁਆਲ ਪਰਤਾਪੀ ਦੀ ਲਾਸ਼ ਲੱਭਣ ਦਾ ਸੀ। ਦਲੇਲ ਦੇ ਦੱਸੇ ਪਤੇ 'ਤੇ ਹਾਥੀ ਵਾਲੇ ਟਿੱਬੇ ਦੀ ਪੁਟਾਈ ਸ਼ੁਰੂ ਹੋਈ। ਆਲੇ-ਦੁਆਲੇ ਦੇ ਪਿੰਡਾਂ ਨੇ ਜਿਸ ਵਿੱਚ ਮੇਰੇ ਪਿੰਡ ਮਾਦਪੁਰ (ਮਾਦਪੁਰ ਲੋਪੋਂ ਤੋਂ ਇੱਕ ਮੀਲ ਦੂਰ ਹੈ) ਦੇ ਲੋਕ ਵੀ ਸ਼ਾਮਲ ਸਨ ਟਿੱਬੇ ਦੀ ਪੁਟਾਈ ਵਿੱਚ ਮੱਦਦ ਕੀਤੀ।

ਆਖ਼ਰ ਪਰਤਾਪੀ ਦੇ ਹੱਡ ਲੱਭ ਪਏ। ਇਸ ਹੱਡ ਲੱਭਣ ਦੀ ਵਾਰਤਾ ਨੂੰ ਸਾਡੇ ਇਲਾਕੇ ਦੇ ਇਕ ਲੋਕ-ਗੀਤ ਨੇ ਹਾਲੇ ਤੀਕਰ ਸਾਂਭ ਰੱਖਿਆ ਹੈ:

ਹੱਡ ਪਰਤਾਪੀ ਦੇ
ਬਟਨ ਸਾਹਿਬ ਨੇ ਟੋਲ਼ੇ

ਅਦਾਲਤ ਵਿੱਚ ਮੁਕੱਦਮਾ ਚੱਲਿਆ। ਸੱਯਦ ਮੁਹੰਮਦ ਸ਼ਾਹ ਨੂੰ ਫਾਂਸੀ ਅਤੇ ਅਤਰੀ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਦਲੇਲ ਗੁਜ਼ਰ ਵਾਅਦਾ ਮੁਆਫ਼ ਗਵਾਹ ਹੋਣ ਕਾਰਨ ਛੱਡ ਦਿੱਤਾ ਗਿਆ। ਬਜ਼ੁਰਗ ਦੱਸਦੇ ਹਨ ਕਿ ਇਕ ਬੱਦਲਵਾਈ ਵਾਲੇ ਦਿਨ ਜਦੋਂ ਗੁਜਰ ਦਲੇਲ ਵੱਗ ਚਰਾਂਦਾ ਪਰਤਾਪੀ ਦੀ ਮਰਨ ਵਾਲ਼ੀ ਥਾਂ ਪੁੱਜਾ ਤਾਂ ਕੜਕਦੀ ਬਿਜਲੀ ਉਸ ਉੱਤੇ ਡਿੱਗੀ ਅਤੇ ਉਹ ਉੱਥੇ ਹੀ ਖੱਖੜੀ-ਖੱਖੜੀ ਹੋ ਗਿਆ।

ਸੈਂਕੜੇ ਵਰ੍ਹੇ ਬੀਤਣ ਮਗਰੋਂ ਵੀ ਪਰਤਾਪੀ ਦੀ ਦੁਖਾਂਤ ਕਥਾ ਸਾਡੇ ਇਲਾਕੇ ਦੇ ਸੰਵੇਦਨਸ਼ੀਲ ਲੋਕਾਂ ਦੇ ਮਨਾਂ ਉੱਤੇ ਛਾਈ ਹੋਈ ਹੈ। ਜਗੀਰਦਾਰਾਂ ਵਲੋਂ ਕੀਤੇ ਗਏ ਪਰਤਾਪੀ ਦੇ ਕਤਲ ਨੂੰ ਉਹਨਾਂ ਅਜੇ ਤਕ ਨਹੀਂ ਭੁਲਾਇਆ। ਉਹ ਪਰਤਾਪੀ ਦੀ ਸੱਚੀ ਸੁੱਚੀ ਪਾਕ ਮੁਹੱਬਤ ਨੂੰ ਸੈਆਂ ਪ੍ਰਣਾਮ ਕਰਦੇ ਹਨ।

ਪੰਜਾਬ ਦੇ ਲੋਕ ਨਾਇਕ/59