ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਇਹ ਨਹੀਂ ਸਨ ਜਾਣਦੀਆਂ ਕਿ ਉਹਨਾਂ ਦਾ ਨਿੱਕਾ ਜਿਹਾ ਮਖੌਲ ਇਹ ਕੁਝ ਕਰ ਗੁਜਰੇਗਾ!

ਸਾਰਾ ਬਾਜ਼ਾਰ ਅੱਗ ਬੁਝਾਉਣ ਵਿੱਚ ਰੁਝਿਆ ਹੋਇਆ ਸੀ। ਏਧਰ ਇੰਦਰ ਬੇਗੋ ਨੂੰ ਲੱਭਦਾ ਪਿਆ ਸੀ! ਉਹ ਕਿਧਰੇ ਨਜ਼ਰ ਨਹੀਂ ਸੀ ਆਉਂਦੀ ਪਈ, ਉਹ ਤਾਂ ਉਹਦਾ ਸਭ ਕੁਝ ਖਸਕੇ ਲੈ ਗਈ ਸੀ। ਉਹ ਪਾਗਲਾਂ ਵਾਂਗ ਬੇਗੋ ਬੇਗੋ ਕੂਕਦਾ ਬੇਗੋ ਦੀ ਭਾਲ ਵਿੱਚ ਨਸ ਟੁਰਿਆ!

ਬੇਗੋ ਹੋਰੀਂ ਆਪਣੇ ਪਿੰਡ ਨੂੰ ਮੁੜ ਪਈਆਂ। ਇੰਦਰ ਹਾਲੋਂ ਬੇਹਾਲ ਹੋਇਆ ਉਹਨਾਂ ਦੇ ਮਗਰ ਰਾਵੀ ਦੇ ਪੁਲ ਤੇ ਜਾ ਪੁੱਜਾ। ਉਸ ਬੇਗੋ ਅੱਗੇ ਜਾ ਝੋਲੀ ਅੱਡੀ, "ਬੇਗੋ ਤੂੰ ਮੈਨੂੰ ਛੱਡਕੇ ਕਿਧਰ ਨੂੰ ਟੁਰ ਪਈ ਸੈਂ! ਮੈਂ ਤੇਰੇ ਬਿਨਾਂ ਕੱਲਾ ਕਿਵੇਂ ਰਹਿ ਸਕਦਾ ਹਾਂ! ਮੈਂ ਹੁਣ ਤੇਰੇ ਨਾਲ਼ ਹੀ ਚੱਲਾਂਗਾ, ਤੇਰੀ ਚਾਕਰੀ ਕਰਾਂਗਾ।"

ਮੁਟਿਆਰਾਂ ਨੂੰ ਹੁਣ ਖਹਿੜਾ ਛੁਡਾਉਣਾ ਔਖਾ ਹੋ ਗਿਆ ਸੀ!

"ਇੰਦਰਾ ਪਿਛਾਂਹ ਮੁੜ ਜਾ, ਸਾਡੇ ਮਗਰ ਨਾ ਆਈਂ। ਬੇਗੋ ਦੇ ਬਾਪ ਨੂੰ ਤੂੰ ਨਹੀਂ ਜਾਣਦਾ- ਤੇਰੇ ਟੋਟੇ ਟੋਟੇ ਕਰਕੇ ਉਹਨੇ ਸਾਹ ਲੈਣੈ!" ਬਲਾਸੋ ਨੇ ਡਰਾਵਾ ਦਿੱਤਾ!

ਪਰੰਤੂ ਇੰਦਰ ਤਾਂ ਆਪਣੇ ਆਪ ਨੂੰ ਬੇਗੋ ਦੇ ਹਵਾਲੇ ਕਰ ਚੁੱਕਾ ਸੀ। ਇਕ ਬੇਗੋ ਸੀ ਜੀਹਦੇ ਹਿਰਦੇ ਵਿੱਚ ਇੰਦਰ ਲਈ ਕਣੀ ਮਾਤਰ ਵੀ ਪ੍ਰੇਮ ਨਹੀਂ ਸੀ ਜਾਗਿਆ। ਇਕ ਇੰਦਰ ਸੀ ਜਿਹੜਾ ਬੇਗੋ ਲਈ ਸੱਭੇ ਤਸੀਹੇ ਝੱਲਣ ਲਈ ਤਿਆਰ ਸੀ:

ਬੇਗੋ ਮਾਰੇ ਜੁੱਤੀਆਂ,
ਫੁੱਲਾਂ ਦੇ ਸਮਾਨ ਜਾਣੂੰ
ਬੇਗੋ ਤਨ ਚਾਹੇ ਮੇਰਾ
ਆਰੇ ਨਾਲ਼ ਚੀਰ ਦੇ।
ਮਹੀਂਵਾਲ ਸੋਹਣੀ ਪਿੱਛੇ,
ਮਹੀਂਵਾਲ ਬਣਿਆਂ ਸੀ
ਕੰਨ ਪੜਵਾਏ ਰਾਂਝੇ ਪਿੱਛੇ
ਜੱਟੀ ਹੀਰ ਦੇ।
ਲੁਹਾਰ ਫਰਿਹਾਦ,
ਤੇਸਾ ਮਾਰ ਮੋਇਆ ਪੇਟ ਵਿੱਚ
ਰੁੜ੍ਹੀ ਆਵੇ ਲੋਥ,
ਵਿੱਚ ਨਹਿਰ ਵਾਲ਼ੇ ਨੀਰ ਦੇ।
ਬੇਗੋ ਨਾਲ਼ ਜਾਊਂ,
ਕਹੇ ਇੰਦਰ ਨਰੈਣ ਸਿੰਘਾ
ਟੋਟੇ ਟੋਟੇ ਕਰ ਚਾਹੇ ਸੁੰਦਰ ਸਰੀਰ ਦੇ।

ਪੰਜਾਬ ਦੇ ਲੋਕ ਨਾਇਕ/64