ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/69

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਡੁੱਬ ਰਹੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਲਹਿਲਹਾਂਦੇ ਪਾਣੀ ਵਿੱਚ ਕੇਸਰ ਘੋਲ਼ ਰਹੀਆਂ ਸਨ। ਚਹਿਚਹਾਂਦੇ ਪੰਛੀ ਆਪਣੇ ਰੈਣ ਬਸੇਰਿਆਂ ਨੂੰ ਪਰਤ ਰਹੇ ਸਨ। ਮਨਚਲੀਆਂ ਮੁਟਿਆਰਾਂ ਦੀ ਟੋਲੀ ਇੱਕ ਅਣੋਖੀ ਉਲਝਣ ਵਿੱਚ ਫਸੀ ਖੜੀ ਸੀ। ਲਟ ਲਟ ਜਲ਼ ਰਹੀ ਹੱਟੀ ਦੇ ਚੰਘਿਆੜੇ ਅਜੇ ਵੀ ਉਹਨਾਂ ਦੇ ਕੰਨਾਂ ਵਿੱਚ ਚਿੜ-ਚਿੜ ਕਰ ਰਹੇ ਸਨ। ਹਜ਼ਾਰਾਂ ਦੀ ਹੱਟੀ ਦਾ ਮਾਲਕ ਕੰਗਾਲ ਹੋਇਆ ਉਹਨਾਂ ਦੇ ਸਾਹਮਣੇ ਖੜਾ ਹੁਸਨ ਦੀ ਹੱਟੀ ਤੋਂ ਖ਼ੈਰਾਤ ਮੰਗ ਰਿਹਾ ਸੀ। ਬੇਗੋ ਦੀ ਮਾਨਸਿਕ ਹਾਲਤ ਡੱਕੇ ਡੋਲੇ ਖਾਂਦੀ ਪਈ ਸੀ। ਉਹਦੇ ਬਾਪ ਦੀਆਂ ਰੋਹ ਭਰੀਆਂ ਅੱਖਾਂ ਉਹਨੂੰ ਘੂਰਦੀਆਂ ਜਾਪਦੀਆਂ ਸਨ।

"ਬੇਗੋ ਮੇਰੀ ਜ਼ਿੰਦਗੀ ਏ, ਮੈਂ ਇਹਦਾ ਪਿੱਛਾ ਨਹੀਂ ਛੱਡਾਂਗਾ। ਇਹਦੇ ਨਾਲ਼ ਈ ਜਾਵਾਂਗਾ। ਇਹਦੇ ਲਈ ਹਰ ਕੁਰਬਾਨੀ ਕਰਾਂਗਾ! ਜੇ ਇਹ ਹੁਣੇ ਆਖੇ, ਮੈਂ ਇਹਦੇ ਸਾਹਮਣੇ ਰਾਵੀ ਵਿੱਚ ਛਾਲ ਮਾਰ ਦਿਆਂਗਾ। ਬੇਗੋ ਆਖੇ ਤਾਂ ਸਹੀ...।" ਇੰਦਰ ਨੇ ਦਰਿਆ ਦੇ ਠਾਠਾਂ ਮਾਰਦੇ ਪਾਣੀ ਵਲ ਇਸ਼ਾਰਾ ਕਰਕੇ ਕਿਹਾ!

"ਮੇਰੇ ਵਲੋਂ ਤਾਂ ਕਲ੍ਹ ਨੂੰ ਮਰਦਾ ਅੱਜੋ ਡੁੱਬ ਮਰ। ਮੈਂ ਤੈਨੂੰ ਕਦੋਂ ਰੋਕਦੀ ਆਂ।" ਗੁੱਸੇ ਨਾਲ਼ ਬੋਗੋ ਦਾ ਮੁਖੜਾ ਸੂਹਾ ਗੁਲਾਬ ਹੋ ਗਿਆ ਸੀ।

ਬੇਗੋ ਦੇ ਮੁੱਖੋਂ ਇਹ ਬੋਲ ਨਿਕਲਣ ਦੀ ਦੇਰ ਸੀ ਕਿ ਇੰਦਰ ਨੇ ਝੱਟ ਰਾਵੀ ਦਰਿਆ ਵਿੱਚ ਛਾਲ ਮਾਰ ਦਿੱਤੀ!

ਆਹ! ਬੇਗੋ ਦੇ ਬੋਲਾਂ ਤੇ ਇੰਦਰ ਨੇ ਜਾਨ ਕੁਰਬਾਨ ਕਰ ਦਿੱਤੀ! ਬੇਗੋ ਝੰਜੋੜੀ ਗਈ। ਇਕ ਪਲ ਉਹ ਅਹਿਲ ਖੜੀ ਘੁੰਮਣ ਘੇਰੀਆਂ ਵਲ ਤੱਕਦੀ ਰਹੀ। ਉਸ ਦੀ ਤੱਕਣੀ ਵਿੱਚ ਪਛਤਾਵਾ ਸੀ, ਤੜਪ ਸੀ, ਆਪਣੇ ਪਿਆਰੇ ਲਈ ਜਿੰਦੜੀ ਘੋਲ਼ ਘੁਮਾਵਣ ਦੀ ਲਾਲਸਾ ਸੀ!

ਬੇਗੋ ਦੀਆਂ ਸਹੇਲੀਆਂ ਨੇ ਤੱਕਿਆ, ਬੇਗੋ ਉਹਨਾਂ ਦੇ ਵਿਚਕਾਰ ਨਹੀਂ ਸੀ। ਉਹ ਤਾਂ ਰਾਵੀ ਦੀਆਂ ਖੂਨੀ ਲਹਿਰਾਂ ਵਿਚਕਾਰ ਆਪਣੇ ਪਿਆਰੇ ਇੰਦਰ ਨੂੰ ਲੱਭ ਰਹੀ ਸੀ! ਖੂਨੀ ਦਰਿਆ ਦੀ ਇਕ ਲਹਿਰ ਉਹਨੂੰ ਵੀ ਆਪਣੇ ਨਾਲ਼ ਹੀ ਰੋਹੜ ਕੇ ਲੈ ਗਈ! ਦੋ ਲੋਥਾਂ ਕੱਠੀਆਂ ਵਹਿ ਰਹੀਆਂ ਸਨ!

ਮੁਟਿਆਰਾਂ ਉਦਾਸ ਉਦਾਸ ਆਪਣੇ ਪਿੰਡ ਨੂੰ ਪਰਤ ਆਈਆਂ! ਉਹ ਸੋਚਦੀਆਂ ਪਈਆਂ ਸਨ ਕਿ ਉਹ ਕਿਹੜੇ ਮੂੰਹ ਨਾਲ ਬੇਗੋ ਦੇ ਮਾਪਿਆਂ ਦੇ ਮੱਥੇ ਲੱਗਣ ਗੀਆਂ।

ਇਸ ਪ੍ਰੀਤ ਕਹਾਣੀ ਨੂੰ ਵਾਪਰਿਆ ਭਾਵੇਂ ਇਕ ਸਦੀ ਤੋਂ ਵੱਧ ਸਮਾਂ ਬੀਤ ਗਿਆ ਹੈ ਪਰੰਤੂ ਇਸ ਦੀ ਅਮਿੱਟ ਪਿਆਰ ਛੂਹ ਅੱਜ ਵੀ ਪੰਜਾਬ ਦੇ ਲੋਕ ਮਾਨਸ ਦੇ ਹਿਰਦਿਆਂ ਨੂੰ ਠਾਰ ਰਹੀ ਹੈ। ਉਹ ਇੰਦਰ ਬੇਗੋ ਦੇ ਕਿੱਸੇ ਨੂੰ ਲਟਕਾਂ ਨਾਲ਼ ਗਾ ਕੇ ਆਨੰਦ ਮਾਣਦੇ ਹਨ।

ਪੰਜਾਬ ਦੇ ਲੋਕ ਨਾਇਕ/65