ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/74

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਖੋਲ੍ਹ ਦਿੱਤਾ ਤੇ ਉਹ ਡੇਰੇ ਦੀ ਭਾਲ ਵਿੱਚ ਨਸ ਤੁਰਿਆ। ਕਈ ਦਿਨਾਂ ਦੀ ਭਟਕਣਾ ਮਗਰੋਂ ਉਹ ਡੇਰੇ ਵਿੱਚ ਜਾ ਪੁੱਜਾ ਤੇ ਆਪਣੀ ਪਿਆਰੀ ਜ਼ੈਨੀ ਨੂੰ ਜਾ ਸਿਜਦਾ ਕੀਤਾ।

ਜੋਗੀਆਂ ਨੂੰ ਹੁਣ ਪੂਰਾ ਯਕੀਨ ਹੋ ਗਿਆ ਕਿ ਉਹ ਜ਼ੈਨੀ ਦਾ ਪਿੱਛਾ ਛੱਡਣ ਵਾਲਾ ਨਹੀਂ। ਉਸ ਨੂੰ ਮਾਰਨ ਲਈ ਉਨ੍ਹਾਂ ਸੱਪ ਲੜਾਉਣ ਦੀ ਸਕੀਮ ਸੋਚੀ। ਇਸ ਬਾਰੇ ਚੰਦਾ ਨੇ ਜ਼ੈਨੀ ਨੂੰ ਸਭ ਕੁੱਝ ਦੱਸ ਦਿੱਤਾ। ਉਹਨੇ ਚੋਰੀ ਸੋਹਣੇ ਨੂੰ ਰੋਟੀ ਵਿੱਚ ਪਕਾ ਕੇ ਕੋਈ ਜੰਗਲੀ ਬੂਟੀ ਖਲ਼ਾ ਦਿੱਤੀ ਤੇ ਕੁਝ ਬੂਟੀ ਸਰੀਰ ’ਤੋ ਮਲ਼ਣ ਲਈ ਦੇ ਦਿੱਤੀ।

ਜੋਗੀਆਂ ਨੇ ਸੋਹਣੇ ’ਤੇ ਤੇਲੀਆ ਸੱਪ ਛੱਡ ਦਿੱਤਾ, ਪਰੰਤੂ ਉਸ ਜੰਗਲੀ ਬੂਟੀ ਦੀ ਖ਼ੁਸ਼ਬੋ ਹੀ ਅਜਿਹੀ ਸੀ ਕਿ ਸੱਪ ਉਸ ਦੇ ਨੇੜੇ ਨਾ ਢੁਕਿਆ। ਸੋਹਣੇ ਦੀ ਜਾਨ ਬਚੇ ਗਈ।

ਹੁਣ ਜੋਗੀ ਜ਼ਹਿਰੀਲੇ ਸੱਪ ਦੀ ਭਾਲ਼ ਵਿੱਚ ਨਿਕਲ ਤੁਰੇ। ਏਧਰ ਜ਼ੈਨੀ ਦਾ ਬੁਰਾ ਹਾਲ ਹੋ ਰਿਹਾ ਸੀ। ਸੋਹਣੇ ਦੀ ਮੌਤ ਉਹਨੂੰ ਡਰਾਉਂਦੀ ਪਈ ਸੀ, ਪਰ ਸੋਹਣੇ ਨੂੰ ਆਪਣੇ ਸਿਦਕ ਤੇ ਮਾਣ ਸੀ, ਭਰੋਸਾ ਸੀ। ਉਹ ਡਰ ਨਹੀਂ ਸੀ ਰਿਹਾ।

ਆਖ਼ਰ ਜੋਗੀ ਇਕ ਅਤਿ ਜ਼ਹਿਰੀਲਾ ਨਾਗ ਕੁਲਮਾਰ ਲੱਭ ਲਿਆਏ। ਹਨੇਰੇ ਗੂੜ੍ਹੇ ਹੋਏ। ਸੋਹਣੇ ਨੂੰ ਡੇਰੇ ਤੋਂ ਬਾਹਰ ਲਿਜਾਇਆ ਗਿਆ। ਸਾਰਾ ਡੇਰਾ ਇਕੱਠਾ ਹੋਇਆ ਸੀ। ਸਿਰਫ਼ ਜ਼ੈਨੀ ਆਪਣੀ ਪੱਖੀ ਵਿੱਚ ਪਈ ਤੜਪ ਰਹੀ ਸੀ। ਉਹ ਆਪਣੇ ਸੋਹਣੇ ਦੀ ਜਾਨ ਦੀ ਸਲਾਮਤੀ ਦੀਆਂ ਸੁਖਾਂ ਮਨਾ ਰਹੀ ਸੀ।

ਬੀਨਾਂ ਬੱਜੀਆਂ! ਕੁਲਮਾਰ ਨਾਗ ਸੋਹਣੇ ਤੇ ਝਪਟ ਕੇ ਪੈ ਗਿਆ, ਕਈਆਂ ਨੇ ਕਸੀਸਾਂ ਵੱਟੀਆਂ। ਚੰਦਾ ਵੇਖ ਨਾ ਸਕੀ। ਸੱਪ ਨੇ ਸੋਹਣੇ ਦੁਆਲੇ ਵਲ੍ਹੇਟ ਪਾ ਲਏ ਸਨ। ਉਸ ਆਪਣਾ ਮੂੰਹ ਪਰੇ ਘੁਮਾ ਲਿਆ। ਸੱਪ ਦੀ ਜ਼ਹਿਰ ਨਾਲ਼ ਸੋਹਣੇ ਦਾ ਸਰੀਰ ਕਾਲਾ ਸ਼ਾਹ ਹੋ ਗਿਆ ਤੇ ਉਹ ਬੇਹੋਸ਼ ਹੋ ਕੇ ਧਰਤੀ 'ਤੇ ਨਿਢਾਲ ਪੈ ਗਿਆ। ਜੋਗੀਆਂ ਸਮਝਿਆ ਉਹ ਮਰ ਗਿਆ ਹੈ। ਇਸੇ ਖੁਸ਼ੀ ਵਿੱਚ ਉਹ ਡੇਰੇ ’ਤੇ ਆ ਕੇ ਨੱਚਣ ਗਾਉਣ ਲੱਗ ਪਏ।

ਰਾਤ ਕਾਫੀ ਲੰਘ ਚੁੱਕੀ ਸੀ। ਜ਼ੈਨੀ ਚੰਦਾ ਦੀ ਮਦਦ ਨਾਲ਼ ਅਧਮੋਏ ਸੋਹਣੇ ਪਾਸ ਪੁੱਜੀ। ਉਹ ਸਾਰੀ ਰਾਤ ਕਈ ਇਕ ਬੂਟੀਆਂ ਸੋਹਣੇ ਦੇ ਸਰੀਰ ’ਤੇ ਮਲ਼ਦੀ ਰਹੀ। ਬੂਟੀਆਂ ਦੀ ਤਾਸੀਰ ਹੀ ਕੁਝ ਅਜਿਹੀ ਸੀ ਕਿ ਉਹ ਪਹੁ ਫੁਟਾਲੇ ਤੱਕ ਸੁਰਤ ਵਿੱਚ ਆ ਗਿਆ। ਉਸ ਆਪਣੇ ਆਪ ਨੂੰ ਜ਼ੈਨੀ ਦੀ ਗੋਦੀ ਵਿੱਚ ਵੇਖਿਆ ਤੇ ਬੋਲਿਆ, "ਜ਼ੈਨੀਏਂ। ਮੈਂ ਜੱਨਤ ਵਿੱਚ ਹਾਂ। ਕਿਧਰੇ ਮੈਂ ਸੁਪਨਾ ਤੇ ਨਹੀਂ ਵੇਖਦਾ ਪਿਆ?”

“ਸੋਹਣਿਆ ਸ਼ੁਕਰ ਏ ਖੁਦਾ ਦਾ, ਜਾਨ ਬਚ ਗਈ ਏ। ਵੇਲ਼ਾ ਗੱਲਾਂ ਕਰਨ ਦਾ ਨਹੀਂ। ਚਲ ਹਿੰਮਤ ਤੋਂ ਕੰਮ ਲੈ। ਤੁਰ ਚੱਲ ਕਿਧਰੇ ਵੈਰੀ ਨਾ ਆ ਜਾਣ।"

ਪੰਜਾਬ ਦੇ ਲੋਕ ਨਾਇਕ/70