ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
"ਜ਼ੈਨੀਏ ਜਾ ਪਿੱਛੇ ਮੁੜ ਜਾ, ਉਹ ਤੈਨੂੰ ਨਹੀਂ ਛੱਡਣਗੇ। ਜਾ ਰੱਬ ਦੇ ਵਾਸਤੇ ਡੇਰੇ ਮੁੜ ਜਾ।" ਸੋਹਣੇ ਨੇ ਆਪਣੇ ਆਪ ਨੂੰ ਸੰਭਾਲਿਆ।
"ਸੋਹਣਿਆਂ ਬਹੁਤ ਹੋ ਗਈ। ਉਹ ਤੇਰੀ ਰੱਤ ਦੇ ਪਿਆਸੇ ਹਨ, ਤੈਨੂੰ ਜਿਊਂਦੇ ਨੂੰ ਨਹੀਂ ਛੱਡਣਗੇ। ਮੈਂ ਤੇਰੇ ਬਿਨਾਂ ਇਕ ਪਲ ਵੀ ਨਹੀਂ ਜੀ ਸਕਦੀ। ਚਲ ਮੈਨੂੰ ਆਪਣੇ ਦੇਸ਼ ਲੈ ਚੱਲ।"
ਜੋਗੀਆਂ ਦੇ ਡੇਰੇ ਵਿੱਚੋਂ ਵਜਦੇ ਢੋਲਾਂ ਦੀ ਆਵਾਜ਼ ਆਉਂਦੀ ਪਈ ਸੀ ਤੇ ਉਨ੍ਹਾਂ ਦੇ ਖ਼ੁਸ਼ੀਆਂ ਭਰੇ ਗੀਤਾਂ ਦੇ ਬੋਲ ਹਵਾਵਾਂ ਵਿੱਚ ਸੁਗੰਧੀ ਬਖੇਰਦੇ ਪਏ ਸਨ। ਏਧਰ ਦੋ ਪਿਆਰੇ ਆਪਣੀਆਂ ਬਾਹਵਾਂ ਵਿੱਚ ਬਾਹਵਾਂ ਪਾਈ ਜ਼ਿੰਦਗੀ ਦੇ ਸਫ਼ਰ 'ਤੇ ਤੁਰੇ ਜਾ ਰਹੇ ਸਨ।
ਪੰਜਾਬ ਦੇ ਲੋਕ ਨਾਇਕ/71