ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਸੀ ਲਿਆਉਂਦੀ। ਸਾਰੇ ਜਲਾਲੀ ਨੂੰ ਪਿੰਡ ਦਾ ਸ਼ਿੰਗਾਰ ਸੱਦਦੇ ਸਨ, ਪਹਾੜਾਂ ਦੀ ਪਰੀ ਆਖਦੇ ਸਨ:-

ਜਲਾਲੀਏ ਲੁਹਾਰੀਏ ਨੀ
ਕੀ ਤੂੰ ਪਰੀ ਪਹਾੜ ਦੀ
ਕੀ ਅਸਮਾਨੀ ਹੂਰ
ਸੁਹਣੀ ਦਿੱਸੇ ਫੁੱਲ ਵਾਂਗ
ਤੈਥੋਂ ਮੈਲ਼ ਰਹੀ ਏ ਦੂਰ
ਤੈਨੂੰ ਵੇਖਣ ਆਉਂਦੇ
ਹੋ ਹੋ ਜਾਂਦੇ ਚੂਰ।
ਤਾਬ ਨਾ ਕੋਈ ਕੋਈ ਝੱਲਦਾ
ਤੇਰਾ ਏਡਾ ਚਮਕੇ ਨੂਰ
ਘਰ ਲੁਹਾਰਾਂ ਜੰਮੀਓਂ
ਜਿਵੇਂ ਕੱਲਰ ਉੱਗਾ ਰੁੱਖ
ਜੀਵਨ ਤੈਨੂੰ ਵੇਖ ਕੇ
ਤੇ ਭੁੱਲਣ ਸਾਰੇ ਦੁੱਖ
ਫਟਕਣ ਪੰਛੀ ਵੇਖ ਕੇ
ਤੇਰਾ ਸੁਹਣਾ ਮੁੱਖ
ਜੇ ਵੇਖੇਂ ਵਿੱਚ ਸੁਹਾਂ ਦੇ,
ਤੇਰੀ ਵੀ ਲਹਿਜੇ ਭੁੱਖ।

ਜਲਾਲੀ ਨੇ ਵੀ ਰੋਡੇ ਫ਼ਕੀਰ ਦੀ ਚਰਚਾ ਸੁਣੀ। ਉਹ ਇਕ ਦਿਨ ਆਪਣੀਆਂ ਸਹੇਲੀਆਂ ਨਾਲ਼ ਬਾਗ ਵਿੱਚ ਜਾ ਪੁੱਜੀ। ਰੋਡਾ ਸਮਾਧੀ ਲਾਈ ਸਿਮਰਨ ਕਰ ਰਿਹਾ ਸੀ। ਸਾਰੀਆਂ ਨਮਸਕਾਰ ਕਰਕੇ ਬੈਠ ਗਈਆਂ। ਰੋਡੇ ਅੱਖ ਨਾ ਝਮਕੀ : ਬਸ ਮਸਤ ਰਿਹਾ।

ਜਲਾਲੀ ਸਿਮਰਨ ਕਰੇਂਦੇ ਰੋਡੇ ਵੱਲ ਤਕਦੀ ਰਹੀ, ਮੁਸਕਾਨਾਂ ਬਖੇਰਦੀ ਰਹੀ। ਕੋਈ ਰਾਂਗਲਾ ਸੁਪਨਾ ਉਹਨੂੰ ਸਾਕਾਰ ਹੁੰਦਾ ਜਾਪਿਆ। ਹੁਸਨ ਦਾ ਬੁੱਤ ਬਣਿਆ ਰੋਡਾ ਜਲਾਲੀ ਦੇ ਧੁਰ ਅੰਦਰ ਦਿਲ ਵਿੱਚ ਲਹਿ ਗਿਆ। ਜਲਾਲੀ ਆਪਣੇ ਆਪ ਮੁਸਕਰਾਈ। ਉਹ ਸਾਰੀਆਂ ਜਾਣ ਲਈ ਖੜੋ ਗਈਆਂ। ਰੋਡੇ ਅੱਖ ਖੋਲ੍ਹੀ, ਸਾਹਮਣੇ ਜਲਾਲੀ ਹੱਥ ਜੋੜੀ ਖੜੀ ਸੀ।

ਸੂਰਜਮੁਖੀ ਦੇ ਫੁੱਲ ਵਾਂਗ ਖਿੜਿਆ ਜਲਾਲੀ ਦਾ ਪਿਆਰਾ ਮੁੱਖੜਾ ਰੋਡੇ ਦੀ ਬਿਰਤੀ ਉਖੇੜ ਗਿਆ। ਰੋਡਾ ਸੁਆਦ ਸੁਆਦ ਹੋ ਗਿਆ।

ਸਾਰੀ ਰਾਤ ਜਲਾਲੀ ਰੋਡੇ 'ਚ ਖੋਈ ਰਹੀ। ਸਵੇਰ ਹੁੰਦੇ ਸਾਰ ਹੀ ਉਸ ਬਾਗ ਵਿੱਚ ਆ ਰੋਡੇ ਨੂੰ ਸਿਜਦਾ ਕੀਤਾ। ਹੁਸਨ ਇਸ਼ਕ ਦੇ ਗੱਲ ਬਾਹੀਂ ਪਾ ਲਈਆਂ।

ਪੰਜਾਬ ਦੇ ਲੋਕ ਨਾਇਕ/73