ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਪੈਂਦੀ ਭੁੱਲਕੇ ਨਾ ਇਕ ਤਾਰ ਹੈ ਜੀ
ਮਿਲੇ ਜਦੋਂ ਜਲਾਲੀ ਜਾ ਯਾਰ ਤਾਈਂ,
ਓਦੋਂ ਵਸਦਾ ਦਿਸੇ ਸੰਸਾਰ ਹੈ ਜੀ
ਕਿਸੇ ਕੰਮ ਦੇ ਵਿੱਚ ਨਾ ਚਿੱਤ ਲੱਗੇ
ਕਰੇ ਆਸ਼ਕੀ ਅਤੀ ਲਚਾਰ ਹੈ ਜੀ।(ਕਿਸ਼ੋਰ ਚੰਦ)

ਇਸ਼ਕ ਮੁਸ਼ਕ ਕਦੋਂ ਛੁਪਾਇਆਂ ਛੁਪਦੇ ਨੇ। ਜਲਾਲੀ ਅਤੇ ਰੋਡੇ ਦੇ ਇਸ਼ਕ ਦੀ ਚਰਚਾ ਪਿੰਡ ਵਿੱਚ ਛਿੜ ਪਈ। ਜਲਾਲੀ ਦੇ ਮਾਪਿਆਂ ਦੇ ਕੰਨੀਂ ਵੀ ਉਡਦੀ-ਉਡਦੀ ਭਿਣਕ ਜਾ ਪਈ। ਉਨ੍ਹਾਂ, ਉਨ੍ਹਾਂ ਦੇ ਇਸ਼ਕ ਨੂੰ ਪਰਵਾਨ ਨਾ ਕੀਤਾ। ਉਨ੍ਹਾਂ ਜਲਾਲੀ ਨੂੰ ਡਰਾਇਆ, ਧਮਕਾਇਆ ਅਤੇ ਆਪਣੀ ਨਗਰਾਨੀ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ।

ਹੁਣ ਰੋਡਾ ਆਪੂੰ, ਆਪਣੇ ਪਿਆਰੇ ਦੇ ਦੀਦਾਰ ਲਈ ਜਲਾਲੀ ਦੇ ਦਰ ਅੱਗੇ ਜਾ ਅਲਖ ਜਗਾਉਂਦਾ। ਉਹਦੇ ਹੱਥੋਂ ਖ਼ੈਰਾਤ ਲਏ ਬਿਨਾਂ ਅਗਾਂਹ ਇਕ ਕਦਮ ਨਾ ਪੁੱਟਦਾ। ਏਥੋਂ ਤੀਕਰ ਗੱਲ ਅੱਪੜ ਗਈ ਕਿ ਇਕ ਦਿਨ ਉਹਨੇ ਜਲਾਲੀ ਦੀ ਮਾਂ ਦੇ ਹੱਥੋਂ ਖ਼ੈਰਾਤ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਉਨ੍ਹਾਂ ਦੇ ਦਰਾਂ ਦੇ ਅੱਗੇ ਧੂਣਾ ਤਾਪ ਦਿੱਤਾ। ਜਲਾਲੀ ਨੇ ਆਪੂੰ ਵੀ ਉਹਨੂੰ ਬੜਾ ਸਮਝਾਇਆ, ਪਰ ਰੋਡਾ ਨਾ ਮੰਨਿਆ:-

"ਕਿੱਥੋਂ ਤੇ ਵੇ ਤੂੰ ਆਇਆ
ਜਾਣਾ ਕਿਹੜੇ ਦੇਸ਼
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।"

"ਪੱਛਮ ਤੋਂ ਨੀ ਮੈਂ ਆਇਆ
ਜਾਣਾ ਦੱਖਣ ਦੇਸ਼
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

"ਜੇ ਤੂੰ ਭੁੱਖਾ ਰੋਟੀ ਦਾ ਵੇ
ਲੱਡੂਆਂ ਦਿੰਨੀ ਆਂ ਮੰਗਾ
ਵੇ ਫ਼ਕੀਰਾ
ਭਲਾ ਵੇ ਦਲਾਲਿਆ ਵੇ ਰੋਡਿਆ।"

"ਨਾ ਮੈਂ ਭੁੱਖਾ ਰੋਟੀ ਦਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"

ਪੰਜਾਬ ਦੇ ਲੋਕ ਨਾਇਕ/75