"ਦਰ ਵਿੱਚੋਂ ਧੂਣਾ ਨਾ ਚੱਕਣਾ ਨੀ
ਲੈਣਾ ਤੇਰਾ ਦੀਦਾਰ
ਨੀ ਲੁਹਾਰੀਏ
ਭਲਾ ਸਾਲੂ ਵਾਲੀਏ ਨੀ ਗੋਰੀਏ।"
ਪਰੰਤੂ ਰੋਡੇ ਨੇ ਜਲਾਲੀ ਦੇ ਦਰਾਂ ਅੱਗੋਂ ਧੂਣਾ ਨਾ ਚੁੱਕਿਆ। ਜਲਾਲੀ ਦੇ ਭਰਾਵਾਂ ਨੇ ਉਹਨੂੰ ਮਾਰ-ਮਾਰ ਕੇ ਅੱਧਮੋਇਆ ਕਰ ਸੁੱਟਿਆ ਅਤੇ ਰਾਤ ਸਮੇਂ ਸੁਹਾਂ ਨਦੀ ਵਿੱਚ ਹੜ੍ਹਾ ਆਏ। ਪਰ ਦੂਜੀ ਭਲ਼ਕ ਰੋਡੇ ਨੇ ਆ ਕੇ ਜਲਾਲੀ ਦੇ ਦਰਾਂ ਅੱਗੇ ਧੂਣਾ ਤਾਪ ਦਿੱਤਾ।
ਜਲਾਲੀ ਅੰਦਰ ਨਰੜੀ ਪਈ ਤੜਪਦੀ ਰਹੀ। ਕਹਿੰਦੇ ਨੇ ਜਲਾਲੀ ਦੇ ਭਰਾਵਾਂ ਨੂੰ ਰੋਡੇ ਦੇ ਦੋਬਾਰਾ ਮੁੜ ਆਣ ਤੇ ਐਨਾ ਗੁੱਸਾ ਚੜ੍ਹਿਆ ਕਿ ਉਨ੍ਹਾਂ ਨੇ ਉਹਦੇ ਟੁਕੜੇ ਟੁਕੜੇ ਕਰਕੇ ਖੂਹ ਵਿੱਚ ਸੁੱਟ ਦਿੱਤੇ ਅਤੇ ਮਗਰੋਂ ਜਲਾਲੀ ਨੂੰ ਵੀ ਮਾਰ ਮੁਕਾਇਆ।
ਇਸ ਪ੍ਰੀਤ ਕਥਾ ਦਾ ਅੰਤ ਇਸ ਪ੍ਰਕਾਰ ਵੀ ਦੱਸਿਆ ਜਾਂਦਾ ਹੈ ਕਿ ਜਲਾਲੀ ਦੀ ਮਾਂ ਨੇ ਰੋਡੇ ਨੂੰ ਗਲ਼ੋਂ ਲਾਹੁਣ ਲਈ ਧੂਣਾ ਤਾਪਦੇ ਰੋਡੇ ਕੋਲ ਆ ਕੇ ਆਖਿਆ, "ਰੋਡਿਆ ਤੇਰੀ ਜਲਾਲੀ ਕਈ ਦਿਨਾਂ ਦੀ ਅੰਦਰ ਬੀਮਾਰ ਪਈ ਹੈ, ਉਹ ਤਦ ਹੀ ਬਚ ਸਕਦੀ ਹੈ ਜੇ ਉਹਦੇ ਲਈ ਕਿਧਰੋਂ ਸ਼ੇਰਨੀ ਦਾ ਦੁੱਧ ਮਿਲ਼ ਜਾਵੇ। ਜੇ ਤੂੰ ਸ਼ੇਰਨੀ ਦਾ ਦੁੱਧ ਲਿਆ ਦੇਵੇਂ ਤਾਂ ਅਸੀਂ ਜਲਾਲੀ ਦਾ ਤੇਰੇ ਨਾਲ਼ ਵਿਆਹ ਕਰ ਦੇਵਾਂਗੇ।"
ਇਹ ਸੁਣਦੇ ਸਾਰ ਹੀ ਰੋਡਾ ਸ਼ੇਰਨੀ ਦੇ ਦੁੱਧ ਦੀ ਭਾਲ਼ ਵਿੱਚ ਜੰਗਲਾਂ ਵੱਲ ਨੂੰ ਨਸ ਟੁਰਿਆ।
ਜਦੋਂ ਜਲਾਲੀ ਨੇ ਆਪਣੇ ਮਾਂ ਦੀ ਰੋਡੇ ਨੂੰ ਸ਼ੇਰਾਂ ਕੋਲ਼ੋਂ ਮਰਵਾਉਣ ਦੀ ਇਹ ਵਿਊਂਤ ਸੁਣੀ ਤਾਂ ਉਹ ਵੀ ਰੋਡਾ-ਰੋਡਾ ਕੂਕਦੀ ਰੋਡੇ ਦੇ ਮਗਰੇ ਜੰਗਲ ਵਿੱਚ ਜਾ ਪੁੱਜੀ।
ਜੰਗਲ ਵਿੱਚ ਦੋਵੇਂ ਮਿਲ਼ ਪਏ ਜਾਂ ਦੋਵਾਂ ਨੂੰ ਜੰਗਲੀ ਜਾਨਵਰਾਂ ਨੇ ਮਾਰ ਮੁਕਾਇਆ ਇਸ ਬਾਰੇ ਕੋਈ ਕੁਝ ਨਹੀਂ ਜਾਣਦਾ ਪਰੰਤੂ ਇਸ ਪ੍ਰੀਤ ਕਥਾ ਨੂੰ ਪੰਜਾਬੀ ਲੋਕ ਮਨ ਨੇ ਅਜੇ ਤੀਕਰ ਨਹੀਂ ਵਸਾਰਿਆ। ਜਲਾਲੀ ਦਾ ਗੀਤ ਉਹਨਾਂ ਦੇ ਚੇਤਿਆਂ ਵਿੱਚ ਅੱਜ ਵੀ ਸੱਜਰਾ ਹੈ।
ਪੰਜਾਬ ਦੇ ਲੋਕ ਨਾਇਕ/77