ਪੂਰਨ ਭਗਤ
ਪੂਰਨ ਭਗਤ ਦੀ ਜੀਵਨ ਕਥਾ ਪੰਜਾਬੀਆਂ ਦੇ ਰੋਮ-ਰੋਮ ਵਿੱਚ ਰਮੀ ਹੋਈ ਹੈ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਪੂਰਨ ਭਗਤ ਦੇ ਜੀਵਨ ਤੋਂ ਪ੍ਰੇਰਨਾ ਨਾ ਪ੍ਰਾਪਤ ਨਾ ਕੀਤੀ ਹੋਵੇ।
ਗੱਲ ਮੱਧਕਾਲੀਨ ਸਮੇਂ ਦੀ ਹੈ। ਓਦੋਂ ਨਾਥ ਜੋਗੀਆਂ ਦਾ ਜਨ ਸਾਧਾਰਨ ਤੇ ਬਹੁਤ ਵੱਡਾ ਪ੍ਰਭਾਵ ਸੀ। ਪੱਛਮੀ ਪੰਜਾਬ ਦੇ ਸ਼ਹਿਰ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਦਾ ਰਾਜ ਸੀ। ਉਸ ਦੀ ਰਾਣੀ ਇਛਰਾਂ ਦੀ ਕੁੱਖੋਂ ਪੂਰਨ ਦਾ ਜਨਮ ਹੋਇਆ। ਜੋਗੀਆਂ ਤੇ ਨਜੂਮੀਆਂ ਨੇ ਸਲਵਾਨ ਨੂੰ ਸਲਾਹ ਦਿੱਤੀ
ਇਹ ਨਵ ਜਨਮਿਆ ਬੱਚਾ ਪੂਰੇ ਬਾਰਾਂ ਵਰ੍ਹੇ ਆਪਣੇ ਮਾਂ ਬਾਪ ਦੇ ਮੱਥੇ ਨਾ ਲੱਗੇ। ਨਹੀਂ ਰਾਜੇ ਤੋਂ ਉਸ ਦੇ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ।ਪੂਰਨ ਨੂੰ ਜੰਮਦੇ ਨੂੰ ਹੀ ਭੋਰੇ ਵਿੱਚ ਪਾ ਦਿੱਤਾ ਗਿਆ.... ਉਸ ਦੀ ਮਾਂ ਇਛਰਾਂ ਤੜਪਦੀ ਰਹੀ, ਕੁਰਲਾਉਂਦੀ ਰਹੀ
ਉਹਦੀਆਂ ਰੋ ਰੋ ਕੇ ਅੱਖਾਂ ਚੁੰਨ੍ਹੀਆਂ ਹੋ ਗਈਆਂ ...ਸਲਵਾਨ ਦੀ ਉਮਰ ਢਲ ਰਹੀ ਸੀ। ਇਸੇ ਢਲਦੀ ਉਮਰੇ ਉਹਨੇ ਐਸ਼ ਪ੍ਰਸੱਤੀ ਲਈ ਨਵ ਜੋਵਨ ਮੁਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ .... ਇਛਰਾਂ ਆਪਣੇ ਪੁੱਤ ਦੇ ਵਿਯੋਗ ਵਿੱਚ ਤੜਪਦੀ ਰਹੀ, ਪੂਰਨ ਆਪਣੇ ਮਾਂ ਬਾਪ ਦੇ ਪਿਆਰ ਤੋਂ ਸੱਖਣਾ ਜ਼ਿੰਦਗੀ ਦੀ ਪਾਉੜੀ ਤੇ ਚੜ੍ਹਦਾ ਰਿਹਾ।
ਸਮਾਂ ਆਪਣੀ ਤੋਰੇ ਤੁਰ ਰਿਹਾ ਸੀ..... ਪੂਰੇ ਬਾਰਾਂ ਵਰ੍ਹੇ ਬਤੀਤ ਹੋ ਗਏ। ਪੂਰਨ ਭੋਰਿਓਂ ਬਾਹਰ ਆਇਆ..... ਰੂਪ ਦੀ ਸਾਕਾਰ ਮੂਰਤ..... ਇਕ ਅਨੋਖੀ ਚਮਕ ਉਹਦੇ ਚਿਹਰੇ ਤੇ ਝਲਕਾਂ ਮਾਰ ਰਹੀ ਸੀ..... ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸਨਮੁਖ ਹੋਇਆ..... ਮਮਤਾ ਵਿਹੂਣੇ ਰਾਜੇ ਨੇ ਪਹਿਲਾਂ ਮਾਵਾਂ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾ ਦਿੱਤਾ।
ਸ਼ਾਹੀ ਮਹਿਲਾਂ 'ਚ ਪਹਿਲਾ ਮਹਿਲ ਮਤ੍ਰੇਈ ਮਾਂ ਲੂਣਾਂ ਦਾ ਸੀ। ਲੂਣਾਂ ਨੂੰ ਢਲਦੀ ਉਮਰ ਦੇ ਸਲਵਾਨ ਪਾਸੋਂ ਕਦੀ ਵੀ ਕਾਮ ਸੰਤੁਸ਼ਟੀ ਪ੍ਰਾਪਤ ਨਹੀਂ ਸੀ ਹੋਈ। ਉਹ ਇਕ ਅਤ੍ਰਿਪਤ ਔਰਤ ਸੀ। ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁਧ ਬੁਧ ਗੁਆ ਬੈਠੀ। ਸਾਰੇ ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਭੁੱਲ ਕੇ ਉਹਨੇ ਪੂਰਨ ਨਾਲ਼ ਆਪਣੀ ਸੇਜ ਸਾਂਝੀ ਕਰਨ ਦੇ ਅਨੇਕਾਂ ਯਤਨ ਕੀਤੇ। ਪੂਰਨ ਡੋਲਿਆ ਨਾ.... ਲੂਣਾਂ ਤਾਂ ਉਹਦੀ ਮਾਂ ਦਾ ਸਾਕਾਰ ਰੂਪ ਸੀ... ਇਸ ਤੋਂ ਚਿੜ ਕੇ ਲੂਣਾ ਨੇ
ਪੰਜਾਬ ਦੇ ਲੋਕ ਨਾਇਕ/78